ਅਡਾਨੀ ਗਰੁੱਪ ਨੂੰ SBI ਦਾ ਕਰਜ਼ 27,000 ਕਰੋੜ ਰੁਪਏ : ਚੇਅਰਮੈਨ
![](http://mehakewattan.com/wp-content/uploads/2023/02/2023_2image_17_55_061005815fgfhg-ll.jpg)
ਮੁੰਬਈ– ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਉਨ੍ਹਾਂ ਨੇ ਲਗਭਗ 27,000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੋਇਆ ਹੈ, ਜੋ ਕੁੱਲ ਵੰਡੇ ਗਏ ਕਰਜ਼ਿਆਂ ਦਾ ਸਿਰਫ਼ 0.88 ਫ਼ੀਸਦੀ ਹੈ।
ਐੱਸ.ਬੀ.ਆਈ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਬੈਂਕ ਦਾ ਇਹ ਵਿਚਾਰ ਨਹੀਂ ਹੈ ਕਿ ਅਡਾਨੀ ਸਮੂਹ ਨੂੰ ਆਪਣੇ ਕਰਜ਼ੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ‘ਚ ਕਿਸੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐੱਸ.ਬੀ.ਆਈ ਨੇ ਇਸ ਸਮੂਹ ਨੂੰ ਸ਼ੇਅਰਾਂ ਦੇ ਬਦਲੇ ਕੋਈ ਕਰਜ਼ਾ ਨਹੀਂ ਦਿੱਤਾ ਹੈ।
ਖਾਰਾ ਨੇ ਕਿਹਾ ਕਿ ਅਡਾਨੀ ਗਰੁੱਪ ਦੇ ਪ੍ਰੋਜੈਕਟਾਂ ਨੂੰ ਕਰਜ਼ ਦਿੰਦੇ ਸਮੇਂ ਭੌਤਿਕ ਸੰਪਤੀਆਂ ਅਤੇ ਲੋੜੀਂਦੇ ਨਕਦ ਪ੍ਰਵਾਹ ਨੂੰ ਧਿਆਨ ‘ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗਰੁੱਪ ਦਾ ਬਕਾਇਆ ਕਰਜ਼ਾ ਮੋੜਨ ਦਾ ਰਿਕਾਰਡ ਬਹੁਤ ਵਧੀਆ ਰਿਹਾ ਹੈ। ਅਡਾਨੀ ਸਮੂਹ ਦੇ ਸ਼ੇਅਰਾਂ ‘ਚ ਪਿਛਲੇ ਕੁਝ ਦਿਨਾਂ ‘ਚ ਆਈ ਭਾਰੀ ਗਿਰਾਵਟ ਨਾਲ ਕਰਜ਼ਦਾਤਾ ਸੰਸਥਾਨਾਂ ‘ਤੇ ਅਸਰ ਪੈਣ ਦੇ ਖਦਸ਼ਿਆਂ ਦੇ ਵਿਚਕਾਰ ਐੱਸ.ਬੀ.ਆਈ ਮੁਖੀ ਨੇ ਕਿਹਾ ਕਿ ਸਮੂਹ ਨੇ ਕਰਜ਼ੇ ਨੂੰ ਮੁੜ ਵਿੱਤ ਕਰਨ ਲਈ ਕੋਈ ਬੇਨਤੀ ਨਹੀਂ ਕੀਤੀ ਹੈ।