ਲੋਕ ਸਭਾ ਚੋਣਾਂ ਸਬੰਧੀ ਸੁਖਬੀਰ ਬਾਦਲ ਤੇ ਮਾਇਆਵਤੀ ਵਿਚਾਲੇ ਮੀਟਿੰਗ

ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੂੰ ਮਜ਼ਬੂਤ ਕਰਨ ਅਤੇ ਸੂਬੇ ’ਚ ਸਦਭਾਵਨਾ ਵਾਲਾ ਮਾਹੌਲ ਪੈਦਾ ਕਰਨ ਲਈ ਅੱਜ ਦੋਵਾਂ ਪਾਰਟੀਆਂ ਦੇ ਸੀਨੀਅਰ ਲੀਡਰਾਂ ਦੀ ਇਕ ਉੱਚ ਪੱਧਰੀ ਮੀਟਿੰਗ ਬਸਪਾ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦੇ ਦਿੱਲੀ ਨਿਵਾਸ ’ਤੇ ਹੋਈ। ਦੁਪਹਿਰ ਦੇ ਖਾਣੇ ’ਤੇ ਹੋਈ ਇਸ ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਮੁਖੀ ਮਾਇਆਵਤੀ ਤੋਂ ਇਲਾਵਾ ਬਸਪਾ ਦੇ ਸਾਬਕਾ ਐੱਮ. ਪੀ. ਸ਼ਤੀਸ਼ ਮਿਸ਼ਰਾ ਤੇ ਹੋਰ ਆਗੂ ਮੌਜੂਦ ਰਹੇ।

ਇਸ ਮੌਕੇ ਮੀਟਿੰਗ ’ਚ ਜ਼ੋਰ ਦਿੱਤਾ ਗਿਆ ਕਿ ਗੱਠਜੋੜ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਅਤੇ ਅੱਗੇ ਆਉਣ ਵਾਲੀਆਂ ਸੰਭਾਵੀ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ਜਾਵੇ। ਮੀਟਿੰਗ ’ਚ ਇਸ ਮੁੱਦੇ ’ਤੇ ਵੀ ਗੱਲਬਾਤ ਹੋਈ ਕਿ ਗੱਠਜੋੜ ਨੂੰ ਹੇਠਲੇ ਬੂਥ ਲੈਵਲ ’ਤੇ ਤਕੜਾ ਕੀਤੇ ਜਾਵੇ। ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਲੰਧਰ ਦੀ ਸੰਭਾਵੀ ਉੱਪ ਚੋਣ ਲਈ ਹੁਣ ਤੋਂ ਇਹੀ ਤਿਆਰੀਆਂ ਆਰੰਭ ਦਿੱਤੀਆਂ ਜਾਣ ਕਿਉਂਕਿ ਬਸਪਾ ਅਤੇ ਅਕਾਲੀ ਦਲ ਦਾ ਆਧਾਰ ਦੁਆਬਾ ਖੇਤਰ ’ਚ ਬਹੁਤ ਮਜ਼ਬੂਤ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਹੀ ਗੱਠਜੋੜ ਪੂਰਨ ਏਕਤਾ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜੇ।

ਮੀਟਿੰਗ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭੋਲੀ-ਭਾਲੀ ਜਨਤਾ, ਜਿਹੜੀ ‘ਆਪ’ ਦੀਆਂ ਗੱਲਾਂ ’ਚ ਫਸ ਗਈ ਸੀ, ਨੂੰ ਉਸ ਦੇ ਚੁੰਗਲ ’ਚੋਂ ਕੱਢਣ ਲਈ ਮਿਲ-ਜੁਲ ਕੇ ਹੰਬਲਾ ਮਾਰਿਆ ਜਾਵੇ। ਕਾਂਗਰਸ ਅਤੇ ਭਾਜਪਾ, ਜਿਹੜੀਆਂ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀਆਂ ਹਨ, ਤੋਂ ਲੋਕਾਂ ਨੂੰ ਕਿਵੇਂ ਦੂਰ ਕੀਤਾ ਜਾਵੇ। ਮੀਟਿੰਗ ’ਚ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਨਾ ਤਾਂ ਕਾਂਗਰਸ ’ਤੇ ਨਾ ਹੀ ਭਾਜਪਾ ਦੇ ਪੱਲੇ ਕੁਝ ਹੈ। ਇਹ ਦੋਵੇਂ ਪਾਰਟੀਆਂ ਤਾਂ ਐਵੇਂ ਹਵਾਈ ਕਿਲੇ ਹੀ ਉਸਾਰਦੀਆਂ ਹਨ। ਲੋਕਾਂ ਦਾ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ’ਚ ਕੋਈ ਭਰੋਸਾ ਨਹੀਂ ਹੈ। ਹੁਣ ਇਨ੍ਹਾਂ ਪਾਰਟੀਆਂ ਨੂੰ ਲੋਕ ਆਉਣ ਵਾਲੀਆਂ ਚੋਣਾਂ ’ਚ ਮੂੰਹ ਨਹੀਂ ਲਾਉਣਗੇ।

ਸੁਖਬੀਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਸੂਬਾ ਦਾ ਵਿਕਾਸ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਇਆ ਹੈ, ਉਨ੍ਹਾਂ ਅੱਜ ਤਕ ਕਿਸੇ ਵੀ ਸਰਕਾਰ ਵੇਲੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ -ਬਸਪਾ ਗਠਜੋੜ ਦਾ ਮੁੱਖ ਨਿਸ਼ਾਨਾ ਪੰਜਾਬ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਾ ਹੈ ਅਤੇ ਇਸ ਲਈ ਦੋਵਾਂ ਪਾਰਟੀਆਂ ਦੇ ਵਰਕਰ ’ਤੇ ਆਗੂ ਮੋਰਚੇ ’ਤੇ ਡਟ ਜਾਣ। ਮਾਇਆਵਤੀ ਨੇ ਕਿਹਾ ਕਿ ਬੀ. ਐੱਸ. ਪੀ. ਨੂੰ ਅਕਾਲੀ ਦਲ ਦੇ ਆਗੂਆਂ ’ਤੇ ਪੂਰਾ ਭਰੋਸਾ ਹੈ ਕਿ ਉਹ ਵੀ ਬੀ. ਐੱਸ. ਪੀ. ਨੂੰ ਬਾਕੀਆਂ ਵਾਂਗ ਆਪਣੀ ਵੋਟ ਪਾਰਟੀ ਨੂੰ ਟਰਾਂਸਫਰ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਤਾਂ ਜੋ ਗਠਜੋੜ ਸੱਚਮੁੱਚ ਲਾਹੇਵੰਦ ਹੋਵੇ ਅਤੇ ਇਸ ਦੇ ਵੱਧ ਤੋਂ ਵੱਧ ਉਮੀਦਵਾਰ ਚੋਣ ਜਿੱਤਣ ਦਾ ਚੰਗਾ ਸੁਨੇਹਾ ਦੇ ਸਕਣ।

ਮੀਟਿੰਗ ਵਿਚ ਪੰਜਾਬ ਵਿਚ ‘ਆਪ’ ਸਰਕਾਰ ਦੀਆਂ ਗਤੀਵਿਧੀਆਂ ਦੀ ਸਮੀਖਿਆ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ ਲੋਕ ਪਿਛਲੀ ਕਾਂਗਰਸ ਸਰਕਾਰ ਵਾਂਗ ਫਿਰ ਦੁਖੀ ਹਨ ਕਿਉਂਕਿ ਲੋਕਾਂ ਨਾਲ ਕੀਤੇ ਵਿਸ਼ੇਸ਼ ਚੋਣ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਪੰਜਾਬ ਨੂੰ ਨਸ਼ਿਆਂ ਦੇ ਸਰਾਪ ਤੋਂ ਮੁਕਤ ਕਰਨ ਅਤੇ ਇਸ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਖਤਮ ਕਰਨ ਦੀ ਗੱਲ ਹੋਵੇ, ਅਮਨ-ਕਾਨੂੰਨ ਨੂੰ ਸੁਧਾਰਨ ਦੀ ਗੱਲ ਹੋਵੇ ਜਾਂ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੀ ਭਲਾਈ ਅਤੇ ਉੱਨਤੀ ਆਦਿ ਦੀ ਗੱਲ ਹੋਵੇ, ਜ਼ਮੀਨੀ ਪੱਧਰ ’ਤੇ ਵਾਅਦੇ ਕੀਤੇ ਜਾ ਰਹੇ ਹਨ।

Add a Comment

Your email address will not be published. Required fields are marked *