ਪਾਕਿ ‘ਚ ਸਿੱਖ ਮਹਿਲਾ ਨਾਲ ਜ਼ਬਰਨ ਵਿਆਹ ਕਰਨ ਦੇ ਵਿਰੋਧ ‘ਚ ਪ੍ਰਦਰਸ਼ਨ

ਪੇਸ਼ਾਵਰ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਸਿੱਖ ਔਰਤ ਦਾ ਮੁਸਲਮਾਨ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਵਾਲੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਇਸ ਮਾਮਲੇ ਵਿਚ ਪੁਲਸ ਦੀ ਕਾਰਵਾਈ ਖਿਲਾਫ਼ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੰਗਲਵਾਰ ਨੂੰ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਮੁੱਖ ਮਾਰਗ ਨੂੰ ਘੰਟਿਆਂ ਤੱਕ ਜਾਮ ਕੀਤਾ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਆਪਣੇ ਭਾਸ਼ਣਾਂ ਵਿਚ ਸ਼ਿਕਾਇਤ ਕੀਤੀ ਕਿ ਸਥਾਨਕ ਪੁਲਸ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 25 ਸਾਲਾ ਸਿੱਖ ਔਰਤ ਮੀਨਾ ਕੁਮਾਰੀ ਨੂੰ ਪਹਿਲਾਂ ਭੱਜਣ ਲਈ ਮਜਬੂਰ ਕੀਤਾ ਗਿਆ ਅਤੇ ਫਿਰ ਜ਼ਬਰਦਸਤੀ ਮੁਸਲਮਾਨ ਵਿਅਕਤੀ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਗਿਆ।

ਹਾਲਾਂਕਿ, ਮੀਨਾ ਕੁਮਾਰੀ ਨੇ ਸਥਾਨਕ ਪੁਲਸ ਸਾਹਮਣੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸ ‘ਤੇ ਕੋਈ ਦਬਾਅ ਨਹੀਂ ਪਾਇਆ ਗਿਆ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਮੁਸਲਮਾਨ ਵਿਅਕਤੀ ਨਾਲ ਗਈ ਸੀ। ਮੀਨਾ ਕੁਮਾਰੀ ਨੇ ਕਿਹਾ, ‘ਮੈਂ 25 ਸਾਲ ਦੀ ਹਾਂ ਅਤੇ ਇੱਕ ਸਰਕਾਰੀ ਸਕੂਲ ਵਿਚ ਅਧਿਆਪਕ ਹਾਂ। ਮੈਂ ਇਸਲਾਮੀ ਪੜ੍ਹਾਈ ਕਰਨ ਤੋਂ ਬਾਅਦ ਇਕ ਮੁਸਲਮਾਨ ਲੜਕੇ ਨਾਲ ਵਿਆਹ ਕਰਵਾਇਆ। ਮੈਂ ਦਾਰੁਲ ਅਮਨ ਨਹੀਂ ਜਾਣਾ ਚਾਹੁੰਦੀ  ਅਤੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹਾਂ।”

ਇਸ ਦੌਰਾਨ ਇਕ ਜ਼ਖਮੀ ਵਿਅਕਤੀ ਨੂੰ ਘੰਟਿਆਂ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਕਾਰਨ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਮੁੱਖ ਮਾਰਗ ‘ਤੇ ਰੱਖ ਕੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

Add a Comment

Your email address will not be published. Required fields are marked *