ਪਿਸ਼ਾਵਰ ਮਸਜਿਦ ਹਮਲੇ ਸਬੰਧੀ 17 ਸ਼ੱਕੀ ਗ੍ਰਿਫ਼ਤਾਰ

ਇਸਲਾਮਾਬਾਦ, 1 ਫਰਵਰੀ-: ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਪਿਸ਼ਾਵਰ ਵਿੱਚ ਇਕ ਉੱਚ ਸੁਰੱਖਿਆ ਵਾਲੇ ਖੇਤਰ ’ਚ ਸਥਿਤ ਮਸਜਿਦ ਵਿੱਚ ਹੋਏ ਫਿਦਾਈਨ ਧਮਾਕੇ ਦੇ ਸਬੰਧ ਵਿੱਚ 17 ਮਸ਼ਕੂਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਧਮਾਕੇ ਵਿੱਚ 97 ਪੁਲੀਸ ਮੁਲਾਜ਼ਮਾਂ ਸਣੇ 101 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਨੇ ਅਤਿਵਾਦੀ ਸਮੂਹਾਂ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਨਾਉਣ ਦਾ ਸੰਕਲਪ ਲੈਂਦਿਆਂ ਆਪਣੇ ਜਰਨੈਲਾਂ ਨੂੰ ਅਤਿਵਾਦ ਦਾ ਖਾਤਮਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੌਰਾਨ ਪਿਸ਼ਾਵਰ ਵਿੱਚ ਧਮਾਕੇ ਦੀ ਨਿਖੇਧੀ ਕਰਦਿਆਂ ਪੁਲੀਸ ਮੁਲਾਜ਼ਮਾਂ ਨੇ ਪ੍ਰਦਰਸ਼ਨ ਵੀ ਕੀਤਾ।

ਸੋਮਵਾਰ ਨੂੰ ਬਾਅਦ ਦੁਪਹਿਰ ਦੀ ਨਮਾਜ਼ ਦੌਰਾਨ ਮੂਹਰਲੀ ਕਤਾਰ ’ਚ ਮੌਜੂਦ ਤਾਲਿਬਾਨ ਦੇ ਫਿਦਾਈਨ ਨੇ ਖੁ਼ਦ ਨੂੰ ਧਮਾਕੇ ਨਾਲ ਉਡਾ ਲਿਆ ਸੀ, ਜਿਸ ਕਰ ਕੇ ਨਮਾਜ਼ੀਆਂ ’ਤੇ ਮਸਜਿਦ ਦੀ ਛੱਤ ਡਿੱਗ ਗਈ ਸੀ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਵਿੱਚ ਪਿਛਲੇ ਕਈ ਸਾਲਾਂ ’ਚ ਸੁਰੱਖਿਆ ਮੁਲਾਜ਼ਮਾਂ ’ਤੇ ਹੋਏ ਇਸ ਸਭ ਤੋਂ ਘਾਤਕ ਹਮਲੇ ਵਿੱਚ ਸ਼ਾਮਲ ਹੋਣ ਦੇ ਸ਼ੱਕ ’ਚ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੁਲੀਸ ਲਾਈਨਜ਼ ਇਲਾਕੇ ਨੇੜਲੇ ਖੇਤਰਾਂ ਤੋਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਅਤੇ ਸ਼ੱਕੀਆਂ ਕੋਲੋਂ ਪੜਤਾਲ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *