ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤਿਆਰ ਕਰਨ ਵਾਲੇ ਕਿਊਰੇਟਰ ਖਿਲਾਫ ਵੱਡੀ ਕਾਰਵਾਈ

ਨਵੀਂ ਦਿੱਲੀ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦੌਰਾਨ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤਿਆਰ ਕਰਨ ਵਾਲੇ ਕਿਊਰੇਟਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਮੈਚ ਦੀ ਪਿੱਚ ਉਮੀਦ ਮੁਤਾਬਕ ਨਹੀਂ ਸੀ ਅਤੇ ਇਸ ‘ਤੇ ਬੱਲੇਬਾਜ਼ਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਭਾਰਤ ਨੇ ਭਾਵੇਂ ਇੱਕ ਗੇਂਦ ਬਾਕੀ ਰਹਿੰਦੇ ਮੈਚ ਜਿੱਤ ਲਿਆ ਹੋਵੇ ਪਰ ਕਪਤਾਨ ਹਾਰਦਿਕ ਪੰਡਯਾ ਨੇ ਪਿੱਚ ਦੀ ਆਲੋਚਨਾ ਕਰਦਿਆਂ ਇਸ ਨੂੰ ‘ਹੈਰਾਨ’ ਕਰਨ ਵਾਲੀ ਕਰਾਰ ਦਿੱਤਾ।

ਨਿਊਜ਼ੀਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ ਜਦਕਿ ਭਾਰਤ ਨੂੰ ਵੀ ਸਪਿਨ ਪੱਖੀ ਪਿੱਚ ‘ਤੇ ਟੀਚੇ ਦਾ ਪਿੱਛਾ ਕਰਨ ‘ਚ ਕਾਫੀ ਮੁਸ਼ਕਲ ਆਈ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂਪੀਸੀਏ) ਦੇ ਇੱਕ ਸੂਤਰ ਨੇ ਕਿਹਾ, “ਕਿਊਰੇਟਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਸੰਜੀਵ ਕੁਮਾਰ ਅਗਰਵਾਲ ਲੈਣਗੇ, ਜੋ ਕਿ ਇੱਕ ਬਹੁਤ ਤਜਰਬੇਕਾਰ ਕਿਊਰੇਟਰ ਹਨ। ਅਸੀਂ ਇੱਕ ਮਹੀਨੇ ਵਿੱਚ ਚੀਜ਼ਾਂ ਬਦਲਾਂਗੇ।

ਉਨ੍ਹਾਂ ਕਿਹਾ, “ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਪਹਿਲਾਂ ਮੁੱਖ ਵਿਕਟਾਂ ‘ਤੇ ਬਹੁਤ ਸਾਰਾ ਘਰੇਲੂ ਕ੍ਰਿਕਟ ਖੇਡਿਆ ਗਿਆ ਸੀ ਅਤੇ ਕਿਊਰੇਟਰ ਨੂੰ ਅੰਤਰਰਾਸ਼ਟਰੀ ਮੈਚ ਲਈ ਇਕ ਜਾਂ ਦੋ ਵਿਕਟਾਂ ਛੱਡਣੀਆਂ ਚਾਹੀਦੀਆਂ ਸਨ। ਵਿਕਟ ਦੀ ਜ਼ਿਆਦਾ ਵਰਤੋਂ ਕੀਤੀ ਗਈ ਸੀ ਅਤੇ ਖਰਾਬ ਮੌਸਮ ਕਾਰਨ ਨਵੀਂ ਵਿਕਟ ਤਿਆਰ ਕਰਨ ਲਈ ਕਾਫੀ ਸਮਾਂ ਨਹੀਂ ਸੀ। ਪਿਛਲੇ ਸਾਲ ਅਕਤੂਬਰ ‘ਚ ਹਟਾਏ ਜਾਣ ਤੋਂ ਪਹਿਲਾਂ ਬੀਤੇ ਸਮੇਂ ‘ਚ ਬੰਗਲਾਦੇਸ਼ ਖ਼ਿਲਾਫ਼ ਵਿਕਟ ਤਿਆਰ ਕਰਨ ਵਾਲੇ ਅਗਰਵਾਲ ਨੂੰ ਪਿੱਚ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸਹੀ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਸੂਤਰ ਨੇ ਕਿਹਾ ਕਿ ਉਹ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਤਜਰਬੇਕਾਰ ਕਿਊਰੇਟਰ ਤਾਪਸ ਚੈਟਰਜੀ ਨਾਲ ਮਿਲ ਕੇ ਕੰਮ ਕਰੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਅਹਿਮਦਾਬਾਦ ‘ਚ ਫੈਸਲਾਕੁੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਪੰਡਯਾ ਹਾਲਾਂਕਿ ਸੀਰੀਜ਼ ਦੌਰਾਨ ਹੁਣ ਤੱਕ ਮਿਲੇ ਵਿਕਟਾਂ ਤੋਂ ਖੁਸ਼ ਨਹੀਂ ਹੈ।

Add a Comment

Your email address will not be published. Required fields are marked *