ਮੁੱਖ ਮੰਤਰੀ ਮਾਨ ਤੇ ਡੀ. ਜੀ. ਪੀ. ਨੂੰ ਇਸ ਪੰਜਾਬੀ ਗੀਤ ਖ਼ਿਲਾਫ਼ ਕੀਤੀ ਸ਼ਿਕਾਇਤ

ਚੰਡੀਗੜ੍ਹ –ਪੰਜਾਬੀ ਗੀਤਾਂ ’ਚ ਬੰਦੂਕ ਕਲਚਰ, ਨਸ਼ਾ ਅਤੇ ਛੋਟੇ ਕੱਪੜੇ ਪਾਉਣ ਵਾਲੀਆਂ ਮਾਡਲਾਂ ਦਾ ਸੱਭਿਆਚਾਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਹਾਲ ਹੀ ’ਚ ਇਕ ਨਵਾਂ ਗੀਤ ‘ਤਸਕਰ’ ਮਿਊਜ਼ਿਕ ਚੈਨਲਾਂ ’ਤੇ ਟਰੈਂਡ ਕਰ ਰਿਹਾ ਹੈ, ਜਿਸ ’ਚ ਹਥਿਆਰ, ਨਸ਼ੇ ਅਤੇ ਭੱਦੀ ਭਾਸ਼ਾ ਨੂੰ ਪੇਸ਼ ਕੀਤਾ ਗਿਆ ਹੈ। ਇਹ ਕਹਿਣਾ ਹੈ ਐਡਵੋਕੇਟ ਸੁਨੀਲ ਮੱਲਣ ਦਾ। ਉਸ ਦਾ ਕਹਿਣਾ ਹੈ ਕਿ ਸਰਕਾਰ, ਪੁਲਸ ਅਤੇ ਚੈਨਲ ਖੁਦ ਇਸ ਗੱਲ ਦਾ ਨੋਟਿਸ ਕਿਉਂ ਨਹੀਂ ਲੈਂਦੇ। ਤੁਸੀਂ ਅਜਿਹੇ ਗੀਤ ਚਲਾਉਣੇ ਬੰਦ ਕਿਉਂ ਨਹੀਂ ਕਰਦੇ। ਅਜਿਹੇ ਗਾਇਕਾਂ ਤੇ ਗੀਤਕਾਰਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।

ਉਨ੍ਹਾਂ ਨੇ ਗੀਤ ਦੇ ਗਾਇਕ ਬਰਾੜ, ਸੰਗੀਤਕਾਰ, ਫ਼ਤਿਹ ਕਰਨ, ਮਾਹੀ ਸ਼ਰਮਾ, ਵਾਣੀ, ਪ੍ਰੇਮ ਚਾਹਲ, ਮਨੀਸ਼ ਕੁਮਾਰ, ਸਮੀਰ ਚਰੇਗਾਂਵਕਰ, ਡੀ. ਜੇ. ਟੀਮ, ਪੋਸਟਰ ਮੇਕਿੰਗ ਟੀਮ, ਸੀ. ਈ. ਓ./ਐੱਮ. ਡੀ. ਇਸ ਗੀਤ ਨੂੰ ਆਫ ਸਪੋਟੀਫਾਈ, ਐਪਲ ਮਿਊਜ਼ਿਕ, ਵਿੰਕ, ਰੇਸੋ ਅਤੇ ਯੂ-ਟਿਊਬ ਚੈਨਲਾਂ ’ਤੇ ਪ੍ਰਮੋਟ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ, ਡੀ. ਜੀ. ਪੀ. ਗੌਰਵ ਯਾਦਵ ਅਤੇ ਐੱਸ. ਐੱਸ. ਪੀ. ਮੋਹਾਲੀ ਨੂੰ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਸੁਨੀਲ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਗੀਤਾਂ ਵਿਚ ਗੰਨ ਕਲਚਰ, ਨਸ਼ਾ, ਦੋਹਰੇ ਅਰਥਾਂ ਅਤੇ ਅਸ਼ਲੀਲ ਭਾਸ਼ਾ ਅਤੇ ਮਾਡਲਾਂ ਵਲੋਂ ਛੋਟੇ ਕੱਪੜੇ ਪਾਉਣ ਦਾ ਰੁਝਾਨ ਕਾਫੀ ਹੱਦ ਤਕ ਵਧ ਗਿਆ ਹੈ। ਨੌਜਵਾਨ ਪੀੜ੍ਹੀ ਇਸ ਨੂੰ ਦੇਖ-ਸੁਣ ਕੇ ਕੁਰਾਹੇ ਪੈ ਰਹੀ ਹੈ। ਮੌਜੂਦਾ ਸਮੇਂ ’ਚ ਨੌਜਵਾਨ ਅਜਿਹੇ ਗੀਤ-ਸੰਗੀਤ ਤੋਂ ਇੰਨੇ ਪ੍ਰਭਾਵਿਤ ਹੋ ਰਹੇ ਹਨ ਕਿ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੇ ਰਾਹ ਪੈ ਰਹੇ ਹਨ। ਨੌਜਵਾਨ ਨਸ਼ਿਆਂ ਅਤੇ ਹਥਿਆਰਾਂ ਵਿਚ ਆਪਣਾ ਭਵਿੱਖ ਲੱਭ ਰਹੇ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਦੇਸ਼ ਦੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਜਾਵੇਗੀ। ਇਸ ਲਈ ਅਜਿਹੇ ਗੀਤ-ਸੰਗੀਤ ’ਤੇ ਰੋਕ ਲਾਉਣੀ ਚਾਹੀਦੀ ਹੈ।

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਗੰਨ ਕਲਚਰ ਨੂੰ ਰੋਕਣ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਜਾਂ ਕਿਸੇ ਹੋਰ ਸਮਾਗਮਾਂ ਵਿਚ ਹਥਿਆਰ ਲੈ ਕੇ ਜਾਣ ਅਤੇ ਵਿਖਾਉਣ ਦੀ ਮਨਾਹੀ ਹੈ। ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਪ੍ਰਦਰਸ਼ਨੀ ’ਤੇ ਵੀ ਪਾਬੰਦੀ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਖੇਤਰਾਂ ’ਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਹਿੰਸਾ ਅਤੇ ਹਥਿਆਰਾਂ ਦੀ ਵਡਿਆਈ ਕਰਨ ਵਾਲਿਆਂ ’ਤੇ ਮੁਕੰਮਲ ਪਾਬੰਦੀ ਹੋਵੇਗੀ ਪਰ ਇਸ ਦੇ ਬਾਵਜੂਦ ਥਾਂ-ਥਾਂ ਗੀਤ ਚੱਲ ਰਹੇ ਹਨ।  

Add a Comment

Your email address will not be published. Required fields are marked *