ਗੈਂਗਸਟਰ ਲੰਡਾ ਹਰੀਕੇ ਦੀ ਪੁਲਸ ਮੁਲਾਜ਼ਮ ਨਾਲ ਗੱਲਬਾਤ ਦੀ ਆਡੀਓ ਚਰਚਾ ‘ਚ, ਦੇ ਰਿਹਾ ਧਮਕੀਆਂ

ਲੁਧਿਆਣਾ –ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰਾਂ ਦੀ ਆਪਸ ’ਚ ਹੋਈ ਗੱਲਬਾਤ ਦੀ ਆਡੀਓ ਲੀਕ ਹੋਣ ਤੋਂ ਬਾਅਦ ਚੌਕਸ ਹੋਈਆਂ ਸੁਰੱਖਿਆ ਏਜੰਸੀਆਂ ਅਜੇ ਇਸ ਦੀ ਤਹਿ ਤੱਕ ਜਾਣ ਦੇ ਯਤਨ ਕਰ ਹੀ ਰਹੀਆਂ ਸਨ ਕਿ ਗੈਂਗਸਟਰ ਲੰਡਾ ਹਰੀਕੇ ਦੀ ਇਕ ਹੋਰ ਆਡੀਓ ਚਰਚਾ ’ਚ ਆ ਗਈ ਹੈ, ਜਿਸ ’ਚ ਉਹ ਆਪਣੇ ਇਕ ਸਾਥੀ ਨਾਲ ਤਰਨਤਾਰਨ ਪੁਲਸ ਦੇ ਇਕ ਮੁਲਾਜ਼ਮ ਨੂੰ ਇਸ ਗੱਲ ਲਈ ਧਮਕਾਉਂਦਾ ਨਜ਼ਰ ਆ ਰਿਹਾ ਹੈ ਕਿ ਪੁਲਸ ਅਪਰਾਧਿਕ ਵਾਰਦਾਤਾਂ ’ਚ ਸ਼ਾਮਲ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਉਂ ਹਿਰਾਸਤ ’ਚ ਲੈ ਰਹੀ ਹੈ।

ਦੱਸ ਦੇਈਏ ਕਿ ਪਾਕਿਸਤਾਨ ਤੋਂ ਪੰਜਾਬ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਸਮੇਤ ਕਈ ਕਤਲਾਂ ਦੇ ਮੁੱਖ ਮੁਲਜ਼ਮ ਰਿੰਦਾ ਸੰਧੂ, ਜਿਸ ਦੀ ਮੌਤ ਦੀ ਖ਼ਬਰ ’ਤੇ ਰਹੱਸ ਬਣਿਆ ਹੋਇਆ ਹੈ, ਦੇ ਨਾਲ ਖ਼ਤਰਨਾਕ ਗੈਂਗਸਟਰਾਂ ਗੋਲਡੀ ਬਰਾੜ, ਲੰਡਾ ਹਰੀਕੇ, ਲਾਲੀ ਸਮੇਤ ਲੱਕੀ ਪਟਿਆਲ ਦਰਮਿਆਨ ਮੋਬਾਇਲ ’ਤੇ ਹੋਈ ਗੱਲਬਾਤ ਦੀ ਆਡੀਓ ਲੀਕ ਹੋਣ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਹਰਕਤ ’ਚ ਆ ਗਈਆਂ ਸਨ। ਇਸੇ ਦੌਰਾਨ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਿਤ ਗੈਂਗਸਟਰ ਲੰਡਾ ਹਰੀਕੇ ਦੀ ਇਕ ਹੋਰ ਆਡੀਓ ਲੀਕ ਹੋਈ ਹੈ, ਜਿਸ ’ਚ ਉਹ ਤਰਨਤਾਰਨ ਪੁਲਸ ਦੇ ਪੰਮਾ ਨਾਮੀ ਮੁਲਾਜ਼ਮ ਨਾਲ ਮੋਬਾਇਲ ’ਤੇ ਗੱਲ ਕਰਦੇ ਹੋਏ ਵਾਰ-ਵਾਰ ਉਸ ਦੀ ਗੱਲ ਐੱਸ. ਐੱਸ. ਪੀ. ਨਾਲ ਕਰਵਾਉਣ ਦੀ ਮੰਗ ਕਰ ਰਿਹਾ ਹੈ।

ਇਸ ਦੌਰਾਨ ਉਹ ਪੁਲਸ ਵੱਲੋਂ ਅਪਰਾਧਿਕ ਘਟਨਾਵਾਂ ’ਚ ਲੋੜੀਂਦੇ ਮੁਲਜ਼ਮਾਂ ਨੂੰ ਫੜਨ ਜਾਂ ਪੇਸ਼ ਹੋਣ ਲਈ ਮਜਬੂਰ ਕਰਨ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ’ਚ ਲੈਣ ਦੀ ਕਾਰਵਾਈ ਦਾ ਨਾ ਸਿਰਫ ਵਿਰੋਧ ਕਰ ਰਿਹਾ ਹੈ, ਸਗੋਂ ਨਾਲ ਹੀ ਇਸ ਗੱਲ ਦੀ ਵੀ ਧਮਕੀ ਦੇ ਰਿਹਾ ਹੈ ਕਿ ਜੇਕਰ ਪੁਲਸ ਔਰਤਾਂ ਨੂੰ ਹਿਰਾਸਤ ’ਚ ਲੈਣ ਦੀ ਆਪਣੀ ਕਾਰਵਾਈ ਬੰਦ ਨਹੀਂ ਕਰਦੀ ਤਾਂ ਮਜਬੂਰਨ ਉਨ੍ਹਾਂ ਨੂੰ ਵੀ ਇਸ ਦਾ ਜਵਾਬ ਦੇਣਾ ਪਵੇਗਾ। ਇਸੇ ਦੌਰਾਨ ਪੁਲਸ ਮੁਲਾਜ਼ਮ ਲੰਡਾ ਨੂੰ ਭਰੋਸਾ ਦਿੰਦਾ ਹੈ ਕਿ ਉਹ 10 ਵਜੇ ਤੋਂ ਬਾਅਦ ਉੱਚ ਅਧਿਕਾਰੀ ਨਾਲ ਉਸ ਦੀ ਗੱਲ ਕਰਵਾਉਣ ਦਾ ਯਤਨ ਕਰੇਗਾ। ਇੰਨਾ ਹੀ ਨਹੀਂ, ਉਹ ਲੰਡਾ ਵੱਲੋਂ ਪੁਲਸ ਕਾਰਵਾਈ ’ਤੇ ਇਤਰਾਜ਼ ਜਤਾਉਣ ’ਤੇ ਸਾਫ਼ ਕਰਦਾ ਹੈ ਕਿ ਜੇਕਰ ਉਹ ਲੋਕ ਪੁਲਸ ਥਾਣਿਆਂ ’ਤੇ ਬੰਬ ਸੁੱਟਣਗੇ ਤਾਂ ਕੀ ਪੁਲਸ ਖਾਮੋਸ਼ ਬੈਠੀ ਰਹੇਗੀ।

ਇਸ ਆਡੀਓ ’ਚ ਲੰਡਾ ਦੇ ਨਾਲ ਉਸ ਦਾ ਇਕ ਹੋਰ ਸਾਥੀ ਵੀ ਹੈ ਅਤੇ ਦੋਵੇਂ ਪੰਮਾ (ਪੁਲਸ ਮੁਲਾਜ਼ਮ) ਨੂੰ ਕਥਿਤ ਤੌਰ ’ਤੇ ਧਮਕਾਉਣ ਦੀ ਵੀ ਵਾਰ-ਵਾਰ ਕੋਸ਼ਿਸ਼ ਕਰਦੇ ਹਨ, ਜਦਕਿ ਮੁਲਾਜ਼ਮ ਉਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਤਰਨਤਾਰਨ ਏਰੀਆ ’ਚ ਅਪਰਾਧਿਕ ਵਾਰਦਾਤਾਂ ਬੰਦ ਕਰਨ ਲਈ ਵੀ ਕਹਿੰਦਾ ਹੈ ਅਤੇ ਲੰਡਾ ’ਤੇ ਟਿੱਪਣੀ ਕਰਦਿਆਂ ਕਹਿੰਦਾ ਹੈ ਕਿ ਉਹ ਲੋਕਾਂ ਨੂੰ ਲੱਖਾਂ ਰੁਪਏ ਦੀ ਜਬਰੀ ਵਸੂਲੀ ਕਰ ਕੇ ਮਜ਼ੇ ਦੀ ਜ਼ਿੰਦਗੀ ਜੀਅ ਰਿਹਾ ਹੈ, ਜਿਸ ’ਤੇ ਲੰਡਾ ਉਸ ਨੂੰ ਜਵਾਬ ’ਚ ਕਹਿੰਦਾ ਹੈ ਕਿ ਉਹ ਕਿਹੜਾ ਐਕਸਟਾਰਸ਼ਨ ਦਾ ਸਾਰਾ ਪੈਸਾ ਖੁਦ ਖਰਚ ਰਿਹਾ ਹੈ, ਸਗੋਂ ਜੇਲ੍ਹਾਂ ’ਚ ਬੰਦ ਆਪਣੇ ਸਾਥੀਆਂ ’ਤੇ ਹੋਣ ਵਾਲਾ ਖਰਚ ਇਸੇ ਰਕਮ ’ਚੋਂ ਹੋ ਰਿਹਾ ਹੈ।

ਇਸ ਆਡੀਓ ਦੇ ਲੀਕ ਹੋਣ ਤੋਂ ਬਾਅਦ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਵੀ ਆਉਣ ਦੀ ਖ਼ਬਰ ਹੈ। ਇਸ ਆਡੀਓ ਤੋਂ ਸਾਫ਼ ਹੈ ਕਿ ਬੇਸ਼ੱਕ ਪੰਜਾਬ ਪੁਲਸ ਅਤੇ ਬਾਕੀ ਸੁਰੱਖਿਆ ਏਜੰਸੀਆਂ ਇਸ ਅਪਰਾਧੀ ਦੀ ਭਾਲ ’ਚ ਜੁਟੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਇਸ ਦੇ ਟਿਕਾਣੇ ਦੀ ਖ਼ਬਰ ਨਹੀਂ ਮਿਲ ਰਹੀ ਪਰ ਕਾਨੂੰਨ ਦੀ ਗ੍ਰਿਫ਼ਤ ਤੋਂ ਫਰਾਰ ਚੱਲ ਰਹੇ ਲੰਡਾ ਦੀ ਤਰਨਤਾਰਨ ਏਰੀਆ ’ਚ ਹੋਣ ਵਾਲੀ ਪੁਲਸ ਦੀ ਕਾਰਵਾਈ ਜਾਂ ਅਪਰਾਧਿਕ ਵਾਰਦਾਤ ’ਤੇ ਪੂਰੀ ਨਜ਼ਰ ਹੈ ਅਤੇ ਉਸ ਦੇ ਗੈਂਗ ਮੈਂਬਰ ਉਸ ਨੂੰ ਹਰ ਘਟਨਾ ਤੋਂ ਜਾਣੂ ਕਰਵਾ ਰਹੇ ਹਨ।

Add a Comment

Your email address will not be published. Required fields are marked *