ਨਵਜੰਮੇ ਬੱਚਿਆਂ ਦੀ ਸਮੱਗਲਿੰਗ ਕਰਨ ਵਾਲਾ ਗਿਰੋਹ ਕਾਬੂ, 5 ਦਿਨ ਦੀ ਬੱਚੀ ਬਰਾਮਦ

ਮੋਹਾਲੀ : ਥਾਣਾ ਸੋਹਾਣਾ ਦੀ ਪੁਲਸ ਨੇ ਨਵਜੰਮੇ ਬੱਚਿਆਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. (ਸ਼ਹਿਰੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਨੇ ਖੂਫੀਆ ਸੂਚਨਾ ਦੇ ਆਧਾਰ ’ਤੇ ਸੋਹਾਣਾ ਥਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਚਰਨਵੀਰ ਸਿੰਘ ਅਤੇ ਸਾਕਸ਼ੀ (ਦੋਵੇਂ ਵਾਸੀ ਪਟਿਆਲਾ) ਅਤੇ ਮਨਜਿੰਦਰ ਸਿੰਘ ਤੇ ਪਰਵਿੰਦਰ ਕੌਰ (ਦੋਵੇਂ ਵਾਸੀ ਫਰੀਦਕੋਟ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 5 ਦਿਨ ਦੀ ਨਵਜੰਮੀ ਬੱਚੀ ਬਰਾਮਦ ਕੀਤੀ ਹੈ। ਇਸ ਸਬੰਧੀ ਸੋਹਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਕੋਲੋਂ ਕੀਤੀ ਗਈ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵਿਅਕਤੀਆਂ ਕੋਲੋਂ ਬਰਾਮਦ ਕੀਤੀ ਗਈ ਇਸ ਨਵਜੰਮੇ ਬੱਚੀ ਦੇ ਅਸਲ ਮਾਤਾ-ਪਿਤਾ ਫਰੀਦਕੋਟ ਦੇ ਵਸਨੀਕ ਕਿਰਨ ਅਤੇ ਕੁਲਦੀਪ ਕੁਮਾਰ ਹਨ। ਬੱਚੀ ਨੂੰ ਸਿਵਲ ਹਸਪਤਾਲ ਫੇਜ਼-6 ਵਿੱਚ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ ਅਤੇ ਉਸ ਦੇ ਮਾਂ-ਬਾਪ ਨੂੰ ਜਾਣਕਾਰੀ ਦੇ ਕੇ ਇੱਥੇ ਸੱਦਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿਰੋਹ ਦੇ ਮੈਂਬਰ ਵੱਖ-ਵੱਖ ਥਾਵਾਂ ਤੋਂ ਨਵਜੰਮੇ ਬੱਚੇ ਨੂੰ ਚੋਰੀ ਕਰਕੇ ਅਜਿਹੇ ਲੋਕਾਂ ਨੂੰ ਵੇਚ ਦਿੰਦੇ ਸਨ, ਜਿਨ੍ਹਾਂ ਦੇ ਕੋਈ ਔਲਾਦ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਗਿਰੋਹ ਨੇ ਕਿੰਨੇ ਬੱਚਿਆਂ ਦੀ ਸਮੱਗਲਿੰਗ ਕੀਤੀ ਹੈ, ਉਨ੍ਹਾਂ ਬੱਚਿਆ ਦੇ ਅਸਲ ਮਾਤਾ-ਪਿਤਾ ਕੌਣ ਹਨ ਅਤੇ ਇਹ ਬੱਚੇ ਕਿੱਥੇ ਸਪਲਾਈ ਕੀਤੇ ਗਏ ਹਨ।

Add a Comment

Your email address will not be published. Required fields are marked *