ਮਾਂ ਨੇ ਨਵਜਨਮੇ ਜੌੜੇ ਬੱਚਿਆਂ ਦਾ ਕੀਤਾ ਕਤਲ, ਇੰਟਰਨੈੱਟ ਖੋਜ ਤੋਂ ਸਾਹਮਣੇ ਆਈ ਇਹ ਗੱਲ

ਸੇਂਟ ਲੁਈਸ : ਅਮਰੀਕਾ ਦੇ ਮਿਸੌਰੀ ਵਿਚ ਇਕ ਔਰਤ ਨੂੰ ਆਪਣੇ ਜੁੜਵਾਂ ਬੱਚਿਆਂ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਔਰਤ ਨੇ ਪਹਿਲਾਂ ਦੱਸਿਆ ਸੀ ਕਿ ਉਸ ਦੇ ਬੱਚੇ ਮਰੇ ਹੋਏ ਪੈਦਾ ਹੋਏ ਸਨ। ਮਾਇਆ ਕੈਸਟਨ (28) ਨੂੰ ਸ਼ੁੱਕਰਵਾਰ ਨੂੰ ਗੈਰ-ਇਰਾਦਤਨ ਕਤਲ ਅਤੇ ਬੱਚਿਆਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ ਦੇ 2 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸੇਂਟ ਲੁਈਸ ਪੋਸਟ-ਡਿਸਪੈਚ ਦੀ ਖ਼ਬਰ ਮੁਤਾਬਕ, ਜਿਊਰੀ ਨੇ ਉਸ ਨੂੰ ਕਤਲ (ਦੂਜੀ ਡਿਗਰੀ) ਦਾ ਦੋਸ਼ੀ ਠਹਿਰਾਉਣ ਦੀ ਬਜਾਏ ਘੱਟ ਅਪਰਾਧਾਂ ਵਿਚ ਦੋਸ਼ੀ ਪਾਇਆ। 

ਵਕੀਲਾਂ ਨੇ ਦਲੀਲ ਦਿੱਤੀ ਕਿ ਕੈਸਟਨ ਵੱਲੋਂ ਬੱਚਿਆਂ ਦੀ ਦੇਖ਼ਭਾਲ ਵਿਚ ਵਰਤੀ ਗਈ ਲਾਪਰਵਾਹੀ ਤੋਂ ਪਤਾ ਲੱਗਦਾ ਹੈ ਕਿ ਉਹ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਬੱਚਿਆਂ ਦੇ ਜਨਮ ਤੋਂ ਪਹਿਲਾਂ, ਉਸ ਨੇ ਗਰਭਪਾਤ ਅਤੇ ਗਰਭਪਾਤ ਦੇ ਤਰੀਕਿਆਂ ਲਈ ਇੰਟਰਨੈੱਟ ‘ਤੇ ਵਿਆਪਕ ਖੋਜ ਕੀਤੀ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਬੱਚੇ ਨਹੀਂ ਚਾਹੁੰਦੀ ਸੀ। ਕੈਸਟਨ ਨੇ ਜਿਊਰੀ ਨੂੰ ਦੱਸਿਆ ਕਿ ਉਸ ਨੇ ਬੱਚਿਆਂ ਦੇ ਜਨਮ ਤੋਂ ਤਿੰਨ ਦਿਨ ਬਾਅਦ ਉਨ੍ਹਾਂ ਨੂੰ ਗੋਦ ਦੇਣ ਦੀ ਯੋਜਨਾ ਬਣਾਈ ਸੀ, ਪਰ ਇਸ ਤੋਂ ਪਹਿਲਾਂ ਹੀ ਬੱਚਿਆਂ ਦੀ ਮੌਤ ਹੋ ਗਈ, ਕਿਉਂਕਿ ਉਹ ਕੁੱਝ ਖਾ ਨਹੀਂ ਰਹੇ ਸਨ।

ਅਸਿਸਟੈਂਟ ਪ੍ਰੋਸੀਕਿਊਟਿੰਗ ਅਟਾਰਨੀ ਥਾਮਸ ਡਿਟਮੇਅਰ ਨੇ ਕਿਹਾ, ”ਸਾਨੂੰ 2 ਮ੍ਰਿਤਕ ਬੱਚੇ ਮਿਲੇ ਹਨ। ਉਹ ਉਨ੍ਹਾਂ ਨੂੰ ਨਹੀਂ ਚਾਹੁੰਦੀ ਸੀ। ਉਸ ਨੂੰ ਉਨ੍ਹਾਂ ਦੀ ਪਰਵਾਹ ਨਹੀਂ ਸੀ। ਉਸਨੇ ਉਹਨਾਂ ਦੇ ਨਾਮ ਵੀ ਨਹੀਂ ਰੱਖੇ ਸਨ।” ਕੈਸਟਨ ਦੇ ਵਕੀਲਾਂ ਨੇ ਕਿਹਾ ਕਿ ਉਹ ਕੁੱਝ ਸੋਚ-ਸਮਝ ਨਹੀਂ ਪਾ ਰਹੀ ਸੀ ਅਤੇ ਉਸ ਨੂੰ ਬੱਚਿਆਂ ਦੀਆਂ ਜਾਨਾਂ ਨੂੰ ਕੀ ਖ਼ਤਰਾ ਹੋ ਸਕਦਾ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਸੀ। ਕੈਸਟਨ ਨੇ ਜਿਊਰੀ ਨੂੰ ਦੱਸਿਆ, “ਮੈਂ ਸਦਮੇ ਵਿੱਚ ਸੀ। ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ।’

Add a Comment

Your email address will not be published. Required fields are marked *