ਓਡੀਸ਼ਾ ਦੇ ਸਿਹਤ ਮੰਤਰੀ ਨਾਬਾ ਦਾਸ ਦਾ ਹੋਇਆ ਦਿਹਾਂਤ, ਇਲਾਜ ਦੌਰਾਨ ਤੋੜਿਆ ਦਮ

ਓਡੀਸ਼ਾ ਦੇ ਸਿਹਤ ਮੰਤਰੀ ਨਾਬਾਦਾਸ ਦਾ ਇਲਾਜ ਦੌਰਾਨ ਦਿਹਾਂਤ ਹੋ ਗਿਆ। ਝਾਰਸੁਗੁੜਾ ਜ਼ਿਲ੍ਹੇ ਵਿੱਚ ਇਕ ਸਹਾਇਕ ਸਬ-ਇੰਸਪੈਕਟਰ ਆਫ਼ ਪੁਲਸ (ਏਐੱਸਆਈ) ਨੇ ਐਤਵਾਰ ਨੂੰ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨਾਬਾ ਕਿਸ਼ੋਰ ਦਾਸ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਦਿੱਤੀ ਸੀ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਤਰੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਹੇ ਸੀ। ਉਨ੍ਹਾਂ ਦੱਸਿਆ ਕਿ ਘਟਨਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਕਸਬੇ ‘ਚ ਦੁਪਹਿਰ 1 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਦਾਸ ਇਕ ਮੀਟਿੰਗ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ।

ਬ੍ਰਜਰਾਜਨਗਰ ਦੇ ਐੱਸਡੀਪੀਓ ਗੁਪਤੇਸ਼ਵਰ ਭੋਈ ਨੇ ਦੱਸਿਆ, “ਪੁਲਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਗੋਪਾਲ ਦਾਸ ਨੇ ਮੰਤਰੀ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ ਮੰਤਰੀ ਜ਼ਖ਼ਮੀ ਹੋ ਗਏ ਸਨ।” ਭੋਈ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਮੁਲਜ਼ਮ ਏਐੱਸਆਈ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਸੀ।

ਘਟਨਾ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਅਪਰਾਧ ਸ਼ਾਖਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਇਕ ਬਿਆਨ ਵਿੱਚ ਕਿਹਾ, “ਮੈਂ ਮਾਣਯੋਗ ਮੰਤਰੀ ਨਾਬਾ ਦਾਸ ‘ਤੇ ਹੋਏ ਇਸ ਮੰਦਭਾਗੇ ਹਮਲੇ ਤੋਂ ਸਦਮੇ ਵਿੱਚ ਹਾਂ। ਮੈਂ ਉਨ੍ਹਾਂ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਅਪਰਾਧ ਸ਼ਾਖਾ ਦੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।

ਐੱਸਡੀਪੀਓ ਦੇ ਅਨੁਸਾਰ, ਮੰਤਰੀ ਨੂੰ ਪਹਿਲਾਂ ਝਾਰਸੁਗੁਡਾ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ “ਬਿਹਤਰ ਇਲਾਜ” ਲਈ ਭੁਵਨੇਸ਼ਵਰ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲਸ ਪ੍ਰਤੀਕ ਸਿੰਘ ਨੇ ਦੱਸਿਆ ਕਿ ਮੰਤਰੀ ਨੂੰ ਭੁਵਨੇਸ਼ਵਰ ਵਿੱਚ ਹਸਪਤਾਲ ਲਿਜਾਣ ਲਈ ਹਵਾਈ ਅੱਡੇ ਤੋਂ ਹਸਪਤਾਲ ਤੱਕ ਗ੍ਰੀਨ ਕੋਰੀਡੋਰ ਬਣਾਇਆ ਗਿਆ ਸੀ। “ਮੰਤਰੀ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਲਈ ਪੂਰੇ ਗਲਿਆਰੇ ਵਿੱਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਬ੍ਰਜਰਾਜਨਗਰ ‘ਚ ਤਣਾਅ ਪੈਦਾ ਹੋ ਗਿਆ ਹੈ ਅਤੇ ਬੀਜੂ ਜਨਤਾ ਦਲ (ਬੀਜੇਡੀ) ਦੇ ਮੰਤਰੀ ਦੇ ਸਮਰਥਕ ‘ਸੁਰੱਖਿਆ ਦੀ ਕਮੀ’ ‘ਤੇ ਸਵਾਲ ਉਠਾ ਰਹੇ ਹਨ। ਕੁਝ ਦਾ ਦਾਅਵਾ ਹੈ ਕਿ ਮੰਤਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਗਈ ਸੀ।

Add a Comment

Your email address will not be published. Required fields are marked *