ਚੰਡੀਗੜ੍ਹ ‘ਚ 8 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ, CCTV ਫੁਟੇਜ ਦੀ ਮਦਦ ਨਾਲ ਫੜ੍ਹਿਆ ਦੋਸ਼ੀ

ਚੰਡੀਗੜ੍ਹ : ਧਨਾਸ ‘ਚ ਸ਼ਰਾਬ ਦੇ ਠੇਕੇ ਬਾਹਰੋਂ ਦਿਨ-ਦਿਹਾੜੇ 8 ਸਾਲਾ ਬੱਚੀ ਨੂੰ ਅਗਵਾ ਕਰ ਕੇ ਤੋਗਾ ‘ਚ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਸਾਰੰਗਪੁਰ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਧਨਾਸ ਦੇ ਸਮਾਲ ਫਲੈਟ ਦੇ ਰਹਿਣ ਵਾਲੇ ਪ੍ਰਕਾਸ਼ ਵਜੋਂ ਹੋਈ ਹੈ। ਮੋਹਾਲੀ ‘ਚ ਜਬਰ-ਜ਼ਿਨਾਹ ਦੇ ਮਾਮਲੇ ‘ਚ ਸਾਰੰਗਪੁਰ ਥਾਣਾ ਪੁਲਸ ਨੇ ਜ਼ੀਰੋ ਐੱਫ਼. ਆਈ. ਆਰ. ਦਰਜ ਕੀਤੀ ਹੈ। ਸੀ. ਸੀ. ਟੀ. ਵੀ. ‘ਚ ਧਨਾਸ ਤੋਂ ਕੁੜੀ ਦੇ ਅਗਵਾ ਹੋਣ ’ਤੇ ਪੁਲਸ ਨੇ ਅਗਵਾ ਕਰਨ ਦੀ ਧਾਰਾ ਲਾ ਕੇ ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਕਰ ਦਿੱਤਾ। ਫੜ੍ਹਿਆ ਗਿਆ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਦਾ ਇਕ ਭਰਾ ਵੀ ਲੁੱਟ-ਖੋਹ ਦੇ ਮਾਮਲੇ ‘ਚ ਬੁੜੈਲ ਜੇਲ੍ਹ ‘ਚ ਬੰਦ ਹੈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਥਾਣਾ ਸਾਰੰਗਪੁਰ ਪੁਲਸ ਨੇ ਮੁਲਜ਼ਮ ਪ੍ਰਕਾਸ਼ ਖ਼ਿਲਾਫ਼ ਅਗਵਾ ਕਰਨ, ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮੰਗਲਵਾਰ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਪ੍ਰਕਾਸ਼ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਬੱਚੀ ਨੂੰ ਲੈ ਗਿਆ ਸੀ ਤੋਗਾ
ਇਹ ਮਾਮਲਾ 19 ਅਗਸਤ ਦੀ ਦੁਪਹਿਰ ਦਾ ਹੈ। ਕੁੜੀ ਧਨਾਸ ਸਥਿਤ ਸ਼ਰਾਬ ਦੇ ਠੇਕੇ ਬਾਹਰ ਕੂੜਾ ਚੁੱਕ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਆਇਆ ਅਤੇ ਮਾਸੂਮ ਨੂੰ ਵਰਗਲਾ ਕੇ ਜ਼ਬਰਦਸਤੀ ਪਿੰਡ ਤੋਗਾ ਵੱਲ ਲੈ ਗਿਆ। ਇਸ ਦੌਰਾਨ ਇਕ ਕੁੜੀ ਨੇ ਕੁੜੀ ਦੇ ਪਿਤਾ ਨੂੰ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਜਦੋਂ ਕੁੜੀ ਦਾ ਪਿਤਾ ਧੀ ਦੀ ਭਾਲ ਕਰਦਾ ਹੋਇਆ ਪਿੰਡ ਤੋਗਾ ਨੇੜੇ ਪਹੁੰਚਿਆ ਤਾਂ ਇਕ ਵਿਅਕਤੀ ਕੁੜੀ ਨਾਲ ਜਬਰ-ਜ਼ਿਨਾਹ ਕਰ ਕੇ ਫ਼ਰਾਰ ਹੋ ਗਿਆ। ਪਿਤਾ ਧੀ ਨੂੰ ਘਰ ਲੈ ਕੇ ਆਇਆ। ਸ਼ਾਮ ਨੂੰ ਕੁੜੀ ਦੀ ਸਿਹਤ ਵਿਗੜ ਗਈ ਅਤੇ ਪਰਿਵਾਰਕ ਮੈਂਬਰਾਂ ਨੇ 9 ਵਜੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕੁੜੀ ਨੂੰ ਪੀ. ਜੀ. ਆਈ. ‘ਚ ਦਾਖ਼ਲ ਕਰਵਾਇਆ। ਸਾਰੰਗਪੁਰ ਥਾਣੇ ‘ਚ ਜਬਰ-ਜ਼ਿਨਾਹ ਦੀ ਜ਼ੀਰੋ ਐੱਫ਼. ਆਈ. ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਨੂੰ ਫੜ੍ਹਨ ਲਈ ਸਾਰੰਗਪੁਰ ਥਾਣਾ ਇੰਚਾਰਜ ਰੋਹਿਤ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਟੀਮ ‘ਚ ਸਬ-ਇੰਸਪੈਕਟਰ ਸੁੰਦਰੀ, ਸੀਨੀਅਰ ਕਾਂਸਟੇਬਲ ਸੁਰਿੰਦਰ ਕੁਮਾਰ, ਕਾਂਸਟੇਬਲ ਮਨਦੀਪ ਅਤੇ ਲੇਡੀ ਕਾਂਸਟੇਬਲ ਅਮਨਦੀਪ ਸ਼ਾਮਲ ਸਨ। ਪੁਲਸ ਟੀਮ ਨੇ ਧਨਾਸ ‘ਚ ਸਥਿਤ ਸ਼ਰਾਬ ਦੇ ਠੇਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਵਿਅਕਤੀ ਕੁੜੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਂਦਾ ਹੋਇਆ ਦਿਖਾਈ ਦਿੱਤਾ। ਕਾਫ਼ੀ ਮੁਸ਼ੱਕਤ ਤੋਂ ਬਾਅਦ ਪੁਲਸ ਟੀਮ ਨੇ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਦੀ ਪਛਾਣ ਕਰ ਲਈ। 22 ਅਗਸਤ ਨੂੰ ਸਾਰੰਗਪੁਰ ਥਾਣਾ ਪੁਲਸ ਨੇ ਖ਼ੁਦ ਜ਼ੀਰੋ ਐੱਫ਼. ਆਈ. ਆਰ. ਅਗਵਾ ਕਰਨ, ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਸੀ। ਐੱਸ. ਐੱਸ. ਪੀ. ਵੱਲੋਂ ਬਣਾਈ ਗਈ ਇੰਸਪੈਕਟਰ ਰੋਹਿਤ ਕੁਮਾਰ ਦੀ ਟੀਮ ਨੇ ਸੋਮਵਾਰ ਰਾਤ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਪ੍ਰਕਾਸ਼ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਪੀੜਤਾ ਦੇ ਪਿਤਾ ਨੇ ਕੀਤੀ। ਐੱਸ. ਪੀ. ਸਿਟੀ ਸ਼ਰੂਤੀ ਅਰੋੜਾ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰਨ ਲਈ ਥਾਣਾ ਸਾਰੰਗਪੁਰ ਪੁੱਜੀ। ਉਨ੍ਹਾਂ ਨੇ ਖ਼ੁਦ ਮੁਲਜ਼ਮ ਪ੍ਰਕਾਸ਼ ਤੋਂ ਜਬਰ-ਜ਼ਿਨਾਹ ਦੀ ਘਟਨਾ ਸਬੰਧੀ ਪੁੱਛਗਿੱਛ ਕੀਤੀ।
ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਫੜ੍ਹਿਆ ਮੁਲਜ਼ਮ
ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਸਲਾਖਾਂ ਪਿੱਛੇ ਪਹੁੰਚਾਉਣ ‘ਚ ਅਹਿਮ ਮਦਦ ਸੀ. ਸੀ. ਟੀ. ਵੀ. ਫੁਟੇਜ ਤੋਂ ਮਿਲੀ। ਮੁਲਜ਼ਮ ਧਨਾਸ ਦੇ ਸ਼ਰਾਬ ਦੇ ਠੇਕੇ ‘ਚ ਲੱਗੇ ਕੈਮਰੇ ‘ਚ ਕੈਦ ਹੋ ਗਿਆ। ਪੁਲਸ ਨੇ ਧਨਾਸ ਦੇ ਸਮਾਲ ਫਲੈਟ ‘ਚ ਮੁਲਜ਼ਮ ਦੀ ਫੋਟੋ ਦਿਖਾਈ ਤਾਂ ਲੋਕਾਂ ਨੇ ਮੁਲਜ਼ਮ ਦੀ ਪਛਾਣ ਪ੍ਰਕਾਸ਼ ਵਜੋਂ ਕੀਤੀ, ਜਿਸ ਤੋਂ ਬਾਅਦ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਫੜ੍ਹ ਲਿਆ।

Add a Comment

Your email address will not be published. Required fields are marked *