ਅਮਰੀਕਾ ‘ਚ ਪੁਲਸ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ

ਵਾਸ਼ਿੰਗਟਨ – ਇਸ ਮਹੀਨੇ ਦੇ ਸ਼ੁਰੂ ਵਿਚ ਮੈਮਫ਼ਿਸ ਵਿਚ ਟਾਇਰ ਨਿਕੋਲਸ ਨੂੰ ਕੁੱਟਣ ਦੀ ਅਮਰੀਕੀ ਪੁਲਸ ਦੀਆਂ ਸ਼ੁੱਕਰਵਾਰ ਨੂੰ ਭਿਆਨਕ ਵੀਡੀਓਜ਼ ਫੁਟੇਜ ਜਾਰੀ ਹੋਣ ਤੋਂ ਬਾਅਦ ਅਮਰੀਕਾ ਦੇ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਭੜਕ ਸਕਦੇ ਹਨ। ਪੁਲਸ ਵੱਲੋਂ ਕੀਤੀ ਗਈ ਇਸ ਕੁੱਟਮਾਰ ਵਿਚ ਨਿਕੋਲਸ ਦੀ ਮੌਤ ਹੋ ਗਈ ਸੀ। ਵੀਡੀਓਜ਼ 7 ਜਨਵਰੀ ਦੀਆਂ ਹਨ। ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਮੈਮਫ਼ਿਸ ਸ਼ਹਿਰ ਨੇ ਸ਼ੁੱਕਰਵਾਰ ਨੂੰ ਚਾਰ ਵੀਡੀਓ ਜਾਰੀ ਕੀਤੀਆਂ, ਜਿਸ ਵਿਚ ਪੁਲਸ ਅਫ਼ਸਰਾਂ ਨੂੰ 29 ਸਾਲਾ ਗੈਰ ਗੋਰੇ ਵਿਅਕਤੀ ਨਿਕੋਲਸ ਨੂੰ ਲੱਤਾਂ ਮਾਰਦੇ ਅਤੇ ਕੁੱਟਦੇ ਹੋਏ ਦਿਖਾਇਆ ਗਿਆ ਅਤੇ ਉਹ ਛੱਡ ਦੇਣ ਦੀਆਂ ਮਿੰਨਤਾਂ ਕਰ ਰਿਹਾ ਹੈ। ਉਥੇ ਹੀ ਟਾਇਰ ਨਿਕੋਲਸ ਦੀ ਮੌਤ ਦੇ ਮਾਮਲੇ ਵਿਚ 5 ਅਫਸਰਾਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਘਟਨਾ ਦੇ ਸਮੇਂ ਉਹ ਘਰ ਜਾ ਰਿਹਾ ਸੀ ਪਰ ਪੁਲਸ ਨੇ ਕਥਿਤ ਤੌਰ ‘ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਨੂੰ ਲੈ ਕੇ ਉਸ ਨੂੰ ਫੜਿਆ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲਸ ਦੀ ਕੁੱਟਮਾਰ ਤੋਂ ਬਚਣ ਲਈ ਟਾਇਰ ਨਿਕੋਲਸ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ। ਪੁਲਸ ਨੇ ਪਹਿਲਾਂ ਤਾਂ ਉਸਨੂੰ ਭੱਜਣ ਦਿੱਤਾ ਪਰ ਫਿਰ ਉਸਨੂੰ ਫੜ ਲਿਆ। ਵੀਡੀਓ ‘ਚ ਉਸ ਨੂੰ ਕਈ ਵਾਰ ਮਾਂ-ਮਾਂ ਚੀਕਦੇ ਹੋਏ ਵੀ ਸੁਣਿਆ ਜਾ ਸਕਦਾ ਹੈ। ਉਹ ਪੁਲਸ ਦੇ ਸਾਹਮਣੇ ਬੇਨਤੀ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ – ਮੈਂ ਬਸ ਘਰ ਜਾਣਾ ਚਾਹੁੰਦਾ ਹਾਂ। ਹਾਲਾਂਕਿ ਪੁਲਸ ‘ਤੇ ਉਸ ਦੀਆਂ ਬੇਨਤੀਆਂ ਦਾ ਕੋਈ ਅਸਰ ਨਹੀਂ ਹੋਇਆ। ਉਹ ਉਸਨੂੰ ਕੁੱਟਦੇ ਰਹੇ। ਅਫਸਰਾਂ ਨੇ ਉਸ ਨੂੰ ਡੰਡੇ ਅਤੇ ਘਸੁੰਨ-ਮੁੱਕੇ ਮਾਰੇ।

ਇਕ ਵੀਡੀਓ ਵਿਚ ਅਫਸਰ ਨਿਕੋਲਸ ਦੀ ਕਾਰ ਨੂੰ ਰੋਕਣ ਤੋਂ ਬਾਅਦ ਉਸਨੂੰ ਚੀਕਦੇ ਹੋਏ ਜ਼ਮੀਨ ‘ਤੇ ਲੇਟਣ ਲਈ ਕਹਿੰਦੇ ਹਨ। ਇਸ ਦੌਰਾਨ ਨਿਕੋਲਸ ਕਹਿੰਦਾ ਹੈ ਕਿ ਉਸ ਨੇ ਕੁਝ ਨਹੀਂ ਕੀਤਾ ਹੈ। ਉਦੋਂ ਦੂਜਾ ਪੁਲਸ ਮੁਲਾਜ਼ਮ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਚੁੱਪਚਾਪ ਆਪਣੀ ਪਿੱਠ ਪਿੱਛੇ ਹੱਥ ਰੱਖਣ ਲਈ ਕਹਿੰਦਾ ਹੈ। ਇਸ ਦੇ ਜਵਾਬ ‘ਚ ਨਿਕੋਲਸ ਉਨ੍ਹਾਂ ਨੂੰ ਕਹਿੰਦਾ ਹੈ ਕਿ ਤੁਸੀਂ ਜ਼ਿਆਦਾ ਰੀਐਕਟ ਕਰ ਰਹੇ ਹੋ, ਮੈਂ ਤਾਂ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਦੋਂ ਉਸ ਨੂੰ ਟੇਜ਼ਰ ਬੰਦੂਕ ਨਾਲ ਸ਼ੋਕ ਦਿੱਤਾ ਜਾਂਦਾ ਹੈ। ਦੂਜੀ ਵੀਡੀਓ ਵਿਚ ਦੋ ਅਫਸਰ ਨਿਕੋਲਸ ਨੂੰ ਜ਼ਮੀਨ ‘ਤੇ ਫੜ ਕੇ ਰੱਖਦੇ ਹਨ, ਜਦੋਂ ਕਿ ਬਾਕੀ 3 ਪੁਲਸ ਵਾਲੇ ਉਸ ਨੂੰ ਇੱਕ-ਇੱਕ ਕਰਕੇ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਦੇ ਨਜ਼ਰ ਆਏ। ਤੀਜੀ ਅਤੇ ਚੌਥੀ ਵੀਡੀਓ ਵਿਚ ਪੁਲਸ ਮੁਲਾਜ਼ਮ ਨਿਕੋਲਸ ਨੂੰ ਡੰਡਿਆਂ ਨਾਲ ਕੁੱਟਦੇ ਹਨ। ਉਹ ਮਾਂ-ਮਾਂ ਚੀਕ ਰਿਹਾ ਹੈ ਅਤੇ ਉਸ ਨੂੰ ਜਾਣ ਦੇਣ ਦੀ ਮਿੰਨਤ ਕਰ ਰਿਹਾ ਹੈ। ਜਦਕਿ ਅਫਸਰ ਉਸ ‘ਤੇ ਪੇਪਰ ਸਪਰੇਅ ਦਾ ਛਿੜਕਾਅ ਕਰਦੇ ਰਹੇ। ਰੋਜ਼ਾਨਾ ਦੀ ਰਿਪੋਰਟ ਮੁਤਾਬਕ ਉਸ ਨੂੰ ਕਰੀਬ ਤਿੰਨ ਮਿੰਟ ਤੱਕ ਕੁੱਟਿਆ ਗਿਆ, ਜਿਸ ਦੌਰਾਨ ਉਸ ਨੇ ਵਾਪਸ ਪਲਟਵਾਰ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। 4 ਸਾਲ ਦੇ ਬੱਚੇ ਦੇ ਪਿਤਾ ਦੀ 3 ਦਿਨ ਬਾਅਦ ਯਾਨੀ 10 ਜਨਵਰੀ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਉਹ ‘FedEx’ ਯੂਨਿਟ ਵਿੱਚ ਕੰਮ ਕਰਦਾ ਸੀ।

Add a Comment

Your email address will not be published. Required fields are marked *