ਕੈਨੇਡਾ ‘ਚ ਇਸਲਾਮੋਫੋਬੀਆ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ

ਮਾਂਟਰੀਅਲ-: ਕੈਨੇਡਾ ਨੇ ਦੇਸ਼ ‘ਚ ਮੁਸਲਿਮ ਭਾਈਚਾਰੇ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ।ਜਸਟਿਨ ਟਰੂਡੋ ਦੀ ਸਰਕਾਰ ਨੇ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਆਪਣਾ ਪਹਿਲਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ, ਜੋ ਦੇਸ਼ ਵਿੱਚ ਮੁਸਲਮਾਨਾਂ ‘ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਲੜੀ ਤੋਂ ਬਾਅਦ ਇੱਕ ਸਲਾਹਕਾਰ ਵਜੋਂ ਕੰਮ ਕਰੇਗਾ।ਇਸ ਨਿਯੁਕਤੀ ਸਬੰਧੀ ਟਰੂਡੋ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ।ਇਸਲਾਮੋਫੋਬੀਆ, ਪ੍ਰਣਾਲੀਗਤ ਨਸਲਵਾਦ, ਨਸਲੀ ਵਿਤਕਰੇ ਅਤੇ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਲੜਾਈ ਦਾ ਸਮਰਥਨ ਕਰਨ ਲਈ ਸਰਕਾਰ ਦੁਆਰਾ ਵਿਸ਼ੇਸ਼ ਪ੍ਰਤੀਨਿਧੀ ਅਮੀਰਾ ਅਲਘਵੇਬੀ ਨੂੰ ਇੱਕ ਸਲਾਹਕਾਰ ਅਤੇ ਮਾਹਰ ਵਜੋਂ ਨਿਯੁਕਤ ਕੀਤਾ ਗਿਆ ਹੈ।

ਕੈਨੇਡਾ ‘ਚ ਮੁਸਲਮਾਨਾਂ ‘ਤੇ ਵਧੇ ਹਮਲੇ 

ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕਈ ਜਾਨਲੇਵਾ ਹਮਲੇ ਹੋਏ ਹਨ। ਜੂਨ 2021 ਵਿੱਚ ਇੱਕ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਨੇ ਓਂਟਾਰੀਓ ‘ਚ ਪੂਰੇ ਪਰਿਵਾਰ ਨੂੰ ਟਰੱਕ ਨਾਲ ਕੁਚਲ ਦਿੱਤਾ ਸੀ। ਇਸ ਤੋਂ ਇਲਾਵਾ ਚਾਰ ਸਾਲ ਪਹਿਲਾਂ ਕਿਊਬਿਕ ਸ਼ਹਿਰ ਦੀ ਇਕ ਮਸਜਿਦ ‘ਤੇ ਹੋਏ ਹਮਲੇ ‘ਚ ਛੇ ਮੁਸਲਮਾਨ ਮਾਰੇ ਗਏ ਸਨ ਅਤੇ ਪੰਜ ਜ਼ਖ਼ਮੀ ਹੋ ਗਏ ਸਨ।

ਅਲਘਵੇਬੀ ਨੇ ਕਹੀ ਇਹ ਗੱਲ

ਅਲਘਵੇਬੀ ਨੇ ਆਪਣੀ ਨਿਯੁਕਤੀ ਤੋਂ ਬਾਅਦ ਕਈ ਟਵੀਟ ਕੀਤੇ। ਉਸਨੇ ਹਾਲੀਆ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਨਾਵਾਂ ਦੀ ਸੂਚੀ ਦਿੰਦੇ ਹੋਏ ਕਿਹਾ ਕਿ “ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ,”। ਇਸ ਟਵੀਟ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਕੀਤੀ ਅਤੇ ਨਫ਼ਰਤ ਨੂੰ ਭੁੱਲਣ ਦੀ ਗੱਲ ਕਹੀ। ਦੱਸ ਦਈਏ ਕਿ ਜੂਨ 2021 ਵਿੱਚ ਹੋਏ ਹਮਲਿਆਂ ਦੇ ਜਵਾਬ ਵਿੱਚ ਸੰਘੀ ਸਰਕਾਰ ਦੁਆਰਾ ਆਯੋਜਿਤ ਇਸਲਾਮੋਫੋਬੀਆ ‘ਤੇ ਇੱਕ ਰਾਸ਼ਟਰੀ ਸੰਮੇਲਨ ਵਿੱਚ ਪੋਸਟ ਦੀ ਸਿਫਾਰਸ਼ ਕੀਤੀ ਗਈ ਸੀ।

ਵਿਸ਼ੇਸ਼ ਪ੍ਰਤੀਨਿਧੀ ਵਜੋਂ ਨਿਯੁਕਤ ਕੀਤੀ ਗਈ ਅਮੀਰਾ ਅਲਘਵੇਬੀ ਇੱਕ ਪੱਤਰਕਾਰ ਅਤੇ ਕਾਰਕੁਨ ਹੈ। ਇੱਕ ਸਰਗਰਮ ਮਨੁੱਖੀ ਅਧਿਕਾਰਾਂ ਦੀ ਪ੍ਰਚਾਰਕ, ਅਮੀਰਾ ਅਲਘਵੇਬੀ ਕੈਨੇਡੀਅਨ ਰੇਸ ਰਿਲੇਸ਼ਨਜ਼ ਫਾਊਂਡੇਸ਼ਨ ਲਈ ਸੰਚਾਰ ਦੀ ਮੁਖੀ ਅਤੇ ਟੋਰਾਂਟੋ ਸਟਾਰ ਅਖ਼ਬਾਰ ਲਈ ਇੱਕ ਕਾਲਮਨਵੀਸ ਹੈ। ਅਮੀਰਾ ਨੇ ਇਸ ਤੋਂ ਪਹਿਲਾਂ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਪ੍ਰਸਾਰਕ ਸੀਬੀਸੀ ਵਿੱਚ ਕੰਮ ਕੀਤਾ ਸੀ।

Add a Comment

Your email address will not be published. Required fields are marked *