‘ਲਾਲ ਸਿੰਘ ਚੱਢਾ’ ਬਾਰੇ ਨਾਂਹ-ਪੱਖੀ ਪ੍ਰਚਾਰ ਖ਼ੁਦ ਆਮਿਰ ਕਰ ਰਹੇ ਨੇ: ਕੰਗਨਾ

ਮੁੰਬਈ, 3 ਅਗਸਤ

ਅਦਾਕਾਰਾ ਕੰਗਨਾ ਰਣੌਤ ਨੇ ਬੌਲੀਵੁੱਡ ਅਦਾਕਾਰ ਆਮਿਰ ਖਾਨ ’ਤੇ ਵਰ੍ਹਦਿਆਂ ਕਿਹਾ ਕਿ ਆਪਣੀ ਆਗਾਮੀ ਫਿਲਮ ‘ਲਾਲ ਸਿੰਘ ਚੱਢਾ’ ਬਾਰੇ ਨਾਂਹ-ਪੱਖੀ ਪ੍ਰਚਾਰ ਪਿੱਛੇ ‘ਮਾਸਟਰਮਾਂਈਡ’ ਉਹ (ਆਮਿਰ) ਖੁਦ ਹਨ। ਕੰਗਨਾ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ’ਚ ਆਮਿਰ ਖਾਨ ’ਤੇ ਵਰ੍ਹਦਿਆਂ ਉਸ ਨੂੰ ‘ਇਸ ਨੂੰ ਧਰਮ ਜਾਂ ਵਿਚਾਰਧਾਰਾ ਦਾ ਮੁੱਦਾ ਬਣਾਉਣ ਤੋਂ ਰੋਕਣ ਲਈ ਆਖਿਆ ਹੈ।’’ ਉਸ ਨੇ ਲਿਖਿਆ, ‘‘ਮੈਨੂੰ ਲੱਗਦਾ ਹੈ ਆਗਾਮੀ ਰਿਲੀਜ਼ ਹੋਣ ਵਾਲੀ ਫਿਲਮ ਲਾਲ ਸਿੰਘ ਚੱਢਾ ਬਾਰੇ ਐਨੀ ਜ਼ਿਆਦਾ ਨਕਾਰਾਤਮਕਤਾ ਫੈਲਾਉਣ ਪਿੱਛੇ ਮਾਸਟਰਮਾਈਂਡ ਖ਼ੁਦ ਆਮਿਰ ਖਾਨ ਹਨ।’’ ਇਸ ਸਾਲ (ਸਿਰਫ ਇੱਕ ਕਾਮੇਡੀ ਸੀਕੁਅਲ ਤੋਂ ਇਲਾਵਾ) ਕਿਸੇ ਵੀ ਹਿੰਦੀ ਫਿਲਮ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਅਦਾਕਾਰਾ ਨੇ ਕਿਹਾ, ‘‘ਸਿਰਫ ਦੱਖਣੀ ਫਿਲਮਾਂ ਜਿਨ੍ਹਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਦਿਖਾਇਆ ਗਿਆ ਹੈ, ਨੇ ਵਧੀਆ ਪ੍ਰਦਰਸ਼ਨ ਕੀਤਾ। ਇੱਕ ਹੌਲੀਵੁੱਡ ਫਿਲਮ ਦੀ ਰੀਮੇਕ ਵੀ ਕੰਮ ਨਹੀਂ ਕਰੇਗੀ।’’ ਕੰਗਨਾ ਨੇ ਕਿਹਾ, ‘‘ਹੁਣ ਉਹ ਭਾਰਤ ਨੂੰ ਅਸਹਿਣਸ਼ੀਲ ਆਖਣਗੇ। ਹਿੰਦੀ ਫਿਲਮਾਂ ਨੂੰ ਦਰਸ਼ਕਾਂ ਦੀ ਨਬਜ਼ ਪਛਾਣਨ ਦੀ ਲੋੜ ਹੈ। ਇਹ ਹਿੰਦੂ ਜਾਂ ਮੁਸਲਮਾਨ ਬਾਰੇ ਨਹੀਂ ਹੈ।’’ ਉਸ ਨੇ ਕਿਹਾ, ‘‘ਆਮਿਰ ਖ਼ਾਨ ਨੇ ਹਿੰਦੂ ਵਿਚਾਰਧਾਰਾ ਵਿਰੋਧੀ ਫ਼ਿਲਮ ‘ਪੀਕੇ’ ਬਣਾਈ ਅਤੇ ਆਪਣੀ ਜ਼ਿੰਦਗੀ ਦੀ ਸਭ ਤੋਂ ਸਫ਼ਲ ਫ਼ਿਲਮ ਦਿੱਤੀ। ਕੀ ਹੁਣ ਉਹ ਭਾਰਤ ਨੂੰ ਅਸਹਿਣਸ਼ੀਲ ਆਖਣਗੇ, ਹਿੰਦੀ ਫਿਲਮਾਂ ਨਿਰਮਾਤਾਵਾਂ ਨੂੰ ਦਰਸ਼ਕਾਂ ਦੀ ਨਬਜ਼ ਨੂੰ ਸਮਝਣ ਦੀ ਲੋੜ ਹੈ। ਇਹ ਹਿੰਦੂ ਜਾਂ ਮੁਸਲਮਾਨ ਹੋਣ ਬਾਰੇ ਨਹੀਂ ਹੈ।’’ ਕੰਗਨਾ ਨੇ ਕਿਹਾ ਕਿ ਧਰਮ ਜਾਂ ਵਿਚਾਰਧਾਰਾ ਦਾ ਮੁੱਦਾ ਬਣਾਉਣਾ ਬੰਦ ਕੀਤਾ ਜਾਵੇ।’’ ਦੱਸਣਯੋਗ ਹੈ ਕਿ ਹੌਲੀਵੁੱਡ ਫ਼ਿਲਮ ‘ਫੋਰੈਸਟ ਗੰਪ’ ਦੀ ਹਿੰਦੀ ਰੀਮੇਕ ਲਾਲ ਸਿੰਘ ਚੱਢਾ 11 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਹੈ। ਇਸੇ ਦੌਰਾਨ ਆਮਿਰ ਖਾਨ ਨੇ ਕਿਹਾ ਕਿ ਉਸ ਨੂੰ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਕਰਨ ਦੀ ਕੋਈ ਕਾਹਲੀ ਨਹੀਂ ਹੈ।

Add a Comment

Your email address will not be published. Required fields are marked *