ਮਹਿਲਾ ਡਬਲਜ਼ ‘ਚ ਸਾਨੀਆ ਹਾਰੀ, ਜੀਵਨ ਅਤੇ ਬਾਲਾਜੀ ਦੀ ਜੋੜੀ ਵੀ ਬਾਹਰ

ਸਾਨੀਆ ਮਿਰਜ਼ਾ ਅਤੇ ਉਸ ਦੀ ਕਜ਼ਾਕਿਸਤਾਨ ਦੀ ਜੋੜੀਦਾਰ ਅੰਨਾ ਡੈਨੀਲਿਨਾ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ‘ਚ ਹਾਰ ਕੇ  ਬਾਹਰ ਹੋ ਗਈਆਂ ਹਨ ਜਿਸ ਨਾਲ ਭਾਰਤੀ ਖਿਡਾਰਨ ਦਾ ਗ੍ਰੈਂਡ ਸਲੈਮ ਮੁਕਾਬਲਿਆਂ ‘ਚ ਮਹਿਲਾ ਡਬਲਜ਼ ‘ਚ ਕਰੀਅਰ ਦਾ ਵੀ ਅੰਤ ਹੋ ਗਿਆ। ਸਾਨੀਆ ਅਤੇ ਡੇਨੀਲਿਨਾ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੂੰ ਦੋ ਘੰਟੇ ਤੋਂ ਵੱਧ ਚੱਲੇ ਮੈਚ ਵਿੱਚ ਬੈਲਜੀਅਮ ਦੀ ਐਲੀਸਨ ਵਾਨ ਉਈਤਵੈਂਕ ਅਤੇ ਯੂਕਰੇਨ ਦੀ ਐਨਹੇਲਿਨਾ ਕਲਿਨੀਨਾ ਤੋਂ 4-6, 6-4, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਐੱਨ ਸ਼੍ਰੀਰਾਮ ਬਾਲਾਜੀ ਅਤੇ ਜੀਵਨ ਨੇਦੁਨਚੇਝਿਆਨ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਵੀ ਜੇਰੇਮੀ ਚਾਰਡੀ ਅਤੇ ਫੈਬਰਿਸ ਮਾਰਟਿਨ ਦੀ ਫਰਾਂਸੀਸੀ ਜੋੜੀ ਤੋਂ ਦੂਜੇ ਦੌਰ ਵਿੱਚ ਹਾਰ ਗਈ। ਬਾਲਾਜੀ ਅਤੇ ਜੀਵਨ ਦੀ ਜੋੜੀ, ਜੋ ਕਿ ਟੂਰਨਾਮੈਂਟ ਵਿੱਚ ਬਦਲਵੇਂ ਰੂਪ ਵਿੱਚ ਦਾਖਲ ਹੋਈ ਸੀ, ਨੂੰ 4-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਪੁਰਸ਼ ਡਬਲਜ਼ ਵਿੱਚ ਵੀ ਭਾਰਤ ਦੀ ਚੁਣੌਤੀ ਖਤਮ ਹੋ ਗਈ।

ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸਾਨੀਆ ਅਤੇ ਡੈਨਿਲਿਨਾ ਦੀ ਜੋੜੀ ਦੂਜੇ ਸੈੱਟ ‘ਚ ਵੀ ਇਕ ਸਮੇਂ ‘ਤੇ 0-3 ਨਾਲ ਪਛੜ ਰਹੀ ਸੀ ਪਰ ਫਿਰ ਸ਼ਾਨਦਾਰ ਵਾਪਸੀ ਕਰਕੇ ਲਗਾਤਾਰ ਤਿੰਨ ਗੇਮਾਂ ਜਿੱਤੀਆਂ। ਉਨ੍ਹਾਂ ਨੇ ਮੈਚ ਨੂੰ ਫੈਸਲਾਕੁੰਨ ਗੇਮ ਤੱਕ ਲੈ ਲਿਆ ਪਰ ਫਿਰ ਆਪਣੀ ਲੈਅ ਗੁਆ ਦਿੱਤੀ। ਸਾਨੀਆ ਹਾਲਾਂਕਿ ਮਿਕਸਡ ਡਬਲਜ਼ ਵਿੱਚ ਚੁਣੌਤੀਪੂਰਨ ਬਣੀ ਹੋਈ ਹੈ ਜਿੱਥੇ ਉਸਨੇ ਹਮਵਤਨ ਰੋਹਨ ਬੋਪੰਨਾ ਨਾਲ ਸਾਂਝੇਦਾਰੀ ਕੀਤੀ ਹੈ। 

ਭਾਰਤੀ ਜੋੜੀ ਨੇ ਸ਼ਨੀਵਾਰ ਨੂੰ ਸ਼ੁਰੂਆਤੀ ਦੌਰ ‘ਚ ਜੈਮੀ ਫੋਰਲਿਸ ਅਤੇ ਲਿਊਕ ਸੇਵਿਲ ਦੀ ਜੋੜੀ ਨੂੰ 7-5, 6-3 ਨਾਲ ਹਰਾਇਆ ਸੀ। 36 ਸਾਲਾ ਸਾਨੀਆ, ਜਿਸ ਨੇ ਹੁਣ ਤੱਕ ਛੇ ਗਰੈਂਡ ਸਲੈਮ (ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਤਿੰਨ-ਤਿੰਨ) ਜਿੱਤੇ ਹਨ, ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਸਟ੍ਰੇਲੀਅਨ ਓਪਨ ਉਸਦਾ ਆਖਰੀ ਗ੍ਰੈਂਡ ਸਲੈਮ ਹੋਵੇਗਾ ਅਤੇ ਉਹ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ  ਡਬਲਯੂ.ਟੀ.ਏ. 1000 ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਬਾਅਦ ਸੰਨਿਆਸ ਲੈ ਲਵੇਗੀ।

Add a Comment

Your email address will not be published. Required fields are marked *