ਇਮਰਾਨ ‘ਤੇ ਅੱਤਵਾਦ ਦਾ ਦੋਸ਼ : ਅਮਰੀਕਾ ਨੇ ਕਿਹਾ-ਪਾਕਿ ‘ਚ ਕਿਸੇ ਪਾਰਟੀ ਦੀ ਤਰਫ਼ਦਾਰੀ ਨਹੀਂ

ਇਸਲਾਮਾਬਾਦ/ਵਾਸ਼ਿੰਗਟਨ-ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਕਿਸਤਾਨ ‘ਚ ਕਿਸੇ ਸਿਆਸੀ ਪਾਰਟੀ ਦੀ ਤਰਫਦਾਰੀ ਨਹੀਂ ਕਰਦਾ ਅਤੇ ਦੇਸ਼ ‘ਚ ਲੋਕਤਾਂਤਰਿਕ, ਸੰਵਿਧਾਨਕ ਅਤੇ ਵੈਧ ਸਿਧਾਂਤਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਕਾਇਮ ਰੱਖਣ ਦਾ ਸਮਰੱਥਨ ਕਰਦਾ ਹੈ। ਕੁਝ ਦਿਨ ਪਹਿਲਾਂ ਹੀ ਅਧਿਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਅੱਤਵਾਦ ਨਾਲ ਸਬੰਧਿਤ ਦੋਸ਼ ਲਾਏ ਗਏ ਸਨ। ਖਾਨ (69) ‘ਤੇ ਅੱਤਵਾਦ ਰੋਕੂ ਕਾਨੂੰਨ ਤਹਿਤ ਐਤਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਸੋਮਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦਾ ਰੁਖ਼ ਕੀਤਾ ਅਤੇ ਮਾਮਲੇ ‘ਚ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਪੀਲ ਕੀਤੀ। ਉਨ੍ਹਾਂ ਨੂੰ 25 ਅਗਸਤ ਤੱਕ ਦੀ ਟ੍ਰਾਂਜਿਟ ਜ਼ਮਾਨਤ ਮਿਲ ਗਈ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ‘ਤੇ ਲਾਏ ਗਏ ਅੱਤਵਾਦ ਦੇ ਦੋਸ਼ਾਂ ਦੇ ਸਬੰਧ ‘ਚ ਇਕ ਸਵਾਲ ਦੇ ਜਵਾਬ ‘ਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ਾਂ ਨਾਲ ਜੁੜੀਆਂ ਖਬਰਾਂ ਦੀ ਜਾਣਕਾਰੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਕਾਨੂੰਨੀ ਅਤੇ ਨਿਆਂ ਪ੍ਰਣਾਲੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਅਮਰੀਕਾ ਨਾਲ ਜੁੜਿਆ ਵਿਸ਼ਾ ਨਹੀਂ ਹੈ ਅਤੇ ਅਸੀਂ ਇਕ ਸਿਆਸੀ ਪਾਰਟੀ ਦੇ ਉਮੀਦਵਾਰ ‘ਤੇ ਜਾਂ ਪਾਰਟੀ ਬਨਾਮ ਕਿਸੇ ਦੂਜੀ ਸਿਆਸੀ ਪਾਰਟੀ ਦੇ ਉਮੀਦਵਾਰ ਜਾਂ ਦਲ ਦੇ ਮਾਮਲੇ ‘ਚ ਆਪਣਾ ਰੁਖ਼ ਜ਼ਾਹਰ ਨਹੀਂ ਕਰਦੇ।

Add a Comment

Your email address will not be published. Required fields are marked *