ਰਾਹੁਲ ਗਾਂਧੀ ਭਾਰਤ ਦੇ ਸਵੈ-ਮਾਣ ਨਾਲ ਨਾ ਖੇਡੇ: ਰਾਜਨਾਥ

ਸਿੰਗਰੌਲੀ,22 ਜਨਵਰੀ-:ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੱਤਾਧਾਰੀ ਭਾਜਪਾ ’ਤੇ ਦੇਸ਼ ’ਚ ਨਫ਼ਰਤ ਫੈਲਾਉਣ ਦਾ ਦੋਸ਼ ਲਾਉਣ ਵਾਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਅੱਜ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਵਾਇਨਾਡ ਤੋਂ ਸੰਸਦ ਮੈਂਬਰ ਨੂੰ ਭਾਰਤ ਦੇ ਗੌਰਵ ਤੇ ਸਵੈ-ਮਾਣ ਨਾਲ ਨਹੀਂ ਖੇਡਣਾ ਚਾਹੀਦਾ। ਸਿੰਘ ਇਥੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ।

ਸਿੰਘ ਨੇ ਕਿਹਾ, ‘‘ਮੈਂ ਦੇਸ਼ ਵਿੱਚ ਭਾਰਤ ਜੋੜੋ ਯਾਤਰਾ ਕੱਢ ਰਹੇ ਤੇ ਇਹ ਕਹਿਣ ਵਾਲੇ ਕਿ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਹੈ, ਨੂੰ ਪੁੱਛਦਾ ਹਾਂ ਕਿ ਦੇਸ਼ ਵਿੱਚ ਨਫ਼ਰਤ ਨੂੰ ਜਨਮ ਕੌਣ ਦੇ ਰਿਹਾ ਹੈ। ਦੇਸ਼ ਵਿੱਚ ਨਫ਼ਰਤ ਦੀ ਗੱਲ ਆਖ ਕੇ ਭਾਰਤ ਨੂੰ ਬਦਨਾਮ ਕੀਤਾ ਜਾ ਰਿਹੈ। ਰਾਹੁਲ ਜੀ ਤੁਹਾਨੂੰ ਕੀ ਹੋ ਗਿਆ ਹੈ? ਰਾਹੁਲ ਗਾਂਧੀ ਨੂੰ ਦੇਸ਼ ਦੇ ਸਨਮਾਨ, ਗੌਰਵ ਤੇ ਮਾਣ ਨਾਲ ਨਹੀਂ ਖੇਡਣਾ ਚਾਹੀਦਾ।’’ ਉਨ੍ਹਾਂ ਕਿਹਾ ਕਿ ਕਾਂਗਰਸੀ ਸਿਆਸਤਦਾਨ ਭਾਰਤੀ ਫੌਜੀਆਂ ਦੀ ਬਹਾਦਰੀ ’ਤੇ ਸਵਾਲ ਚੁੱਕ ਰਹੇ ਹਨ। ਸਿੰਘ ਨੇ ਜ਼ੋਰ ਦੇ ਕੇ ਆਖਿਆ, ‘‘ਇਕ ਕਾਂਗਰਸੀ ਸਿਆਸਤਦਾਨ ‘ਭਾਰਤ ਜੋੜੋ ਯਾਤਰਾ’ ਕੱਢ ਰਿਹਾ ਹੈ। ਰੱਖਿਆ ਮੰਤਰੀ ਹੋਣ ਦੇ ਨਾਤੇ, ਮੈਂ ਇਸ ਬਾਰੇ ਬਹੁਤਾ ਕੁਝ ਨਹੀਂ ਕਹਾਂਗਾ। ਚੀਨ ਨਾਲ ਹੋਏ ਟਕਰਾਅ ਦਰਮਿਆਨ ਭਾਰਤੀ ਫੌਜੀਆਂ ਨੇ ਸਿਰੇ ਦੀ ਦਲੇਰੀ ਵਿਖਾਈ ਸੀ।’’ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਇਸ ਤੋਂ ਪਹਿਲਾਂ ਰੱਖਿਆ ਸੈਕਟਰ ਵਿੱਚ ਜੰਗੀ ਜਹਾਜ਼ਾਂ, ਮਿਜ਼ਾਈਲਾਂ, ਜੰਗੀ ਬੇੜੇ ਤੇ ਬੰਬ ਸਣੇ ਹਰੇਕ ਚੀਜ਼ ਹੋਰਨਾਂ ਮੁਲਕਾਂ ਤੋਂ ਦਰਾਮਦ ਕਰਦਾ ਸੀ, ਪਰ ਹੁਣ ਅਸੀਂ ਹਰੇਕ ਚੀਜ਼ ਭਾਰਤ ਵਿੱਚ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਬਰਾਮਦਾਂ ਜ਼ਰੀਏ ਹੋਰਨਾਂ ਮੁਲਕਾਂ ਦੀ ਹਮਾਇਤ ਵੀ ਕੀਤੀ ਹੈ।’’

Add a Comment

Your email address will not be published. Required fields are marked *