ਗਾਇਕ ਪਰਮੀਸ਼ ਵਰਮਾ ਦੇ ‘ਗੰਨ ਕਲਚਰ’ ‘ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ

ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਨਾਂ ਇੰਡਸਟਰੀ ਦੇ ਟੌਪ ਕਲਾਕਾਰਾਂ ਦੀ ਲਿਸਟ ‘ਚ ਆਉਂਦਾ ਹੈ। ਉਹ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ‘ਚ ਪਰਮੀਸ਼ ਵਰਮਾ ਨੇ ‘ਗੰਨ ਕਲਚਰ’ ‘ਤੇ ਵੱਡਾ ਬਿਆਨ ਦਿੱਤਾ ਸੀ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇੱਕ ਇੰਟਰਵਿਊ ‘ਚ ਪਰਮੀਸ਼ ਵਰਮਾ ਨੇ ਪੰਜਾਬ ‘ਚ ਕਲਾਕਾਰਾਂ ਵਲੋਂ ਗੰਨ ਕਲਚਰ ਪ੍ਰਮੋਟ ਕਰਨ ਬਾਰੇ ਗੱਲ ਕੀਤੀ ਹੈ।

ਪਰਮੀਸ਼ ਵਰਮਾ ਨੇ ਆਪਣੇ ਬਿਆਨ ‘ਚ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ, ‘ਪੰਜਾਬ ‘ਚ ਕਿਤੇ ਵੀ ਕੋਈ ਵਾਇਲੰਸ ਦੀ ਘਟਨਾ ਹੁੰਦੀ ਹੈ ਤਾਂ ਸਰਕਾਰ ਕਲਾਕਾਰਾਂ ‘ਤੇ ਸਖ਼ਤੀ ਕਰ ਦਿੰਦੀ ਹੈ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਪੰਜਾਬ ‘ਚ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਗੀਤਾਂ ‘ਤੇ ਪਾਬੰਦੀ ਲਗਾਈ ਗਈ ਹੈ, ਕੀ ਉਸੇ ਤਰ੍ਹਾਂ ਵਾਇਲੰਸ ਅਤੇ ਗੰਨ ਕਲਚਰ ਪ੍ਰਮੋਟ ਕਰਨ ਵਾਲੀਆਂ ਫ਼ਿਂਲਮਾਂ ‘ਤੇ ਵੀ ਰੋਕ ਲਗਾਈ ਜਾਵੇਗੀ?’ 

ਪਰਮੀਸ਼ ਨੇ ਅੱਗੇ ਕਿਹਾ ਕਿ ਹਾਲ ਹੀ ‘ਚ ‘ਆਰ. ਆਰ. ਆਰ’ ਨੇ ਗੋਲਡਨ ਗਲੋਬ ਐਵਾਰਡ ਜਿੱਤਿਆ ਹੈ। ਇਹ ਪੂਰੇ ਭਾਰਤ ਦੀ ਕਾਮਯਾਬੀ ਮੰਨੀ ਜਾ ਰਹੀ ਹੈ। ਇਸੇ ਕਾਮਯਾਬੀ ਦਾ ਜਸ਼ਨ ਪੰਜਾਬ ‘ਚ ਵੀ ਜ਼ਰੂਰ ਮਨਾਇਆ ਜਾਵੇਗਾ। ਸਭ ਨੂੰ ਪਤਾ ਹੈ ਕਿ ਇਸ ਫ਼ਿਲਮ ‘ਚ ਕਾਫ਼ੀ ਜ਼ਿਆਦਾ ਵਾਇਲੰਸ ਸੀ। ਫਿਰ ਵੀ ਇਹ ਫ਼ਿਲਮ ਪੰਜਾਬ ‘ਚ ਜ਼ਬਰਦਸਤ ਹਿੱਟ ਰਹੀ ਸੀ। ਜਦੋਂ ਕਿ ਸਰਕਾਰ ਫ਼ਿਲਮਾਂ ‘ਤੇ ਰੋਕ ਨਹੀਂ ਲਗਾ ਰਹੀ ਹੈ ਤਾਂ ਫਿਰ ਗੀਤਾਂ ਤੇ ਕਲਾਕਾਰਾਂ ‘ਤੇ ਸਖ਼ਤੀ ਕਿਉਂ ਕੀਤੀ ਜਾ ਰਹੀ ਹੈ?

ਪਰਮੀਸ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਵੀ ਬਚਪਨ ‘ਚ ਗੰਨ ਕਲਚਰ ਜਾਂ ਵਾਇਲੰਸ ‘ਤੇ ਕਈ ਗੀਤ ਸੁਣੇ ਹਨ ਪਰ ਉਨ੍ਹਾਂ ਨੇ ਕਦੇ ਵੀ ਇਨ੍ਹਾਂ ਗੀਤਾਂ ਨੂੰ ਆਪਣੇ ਦਿਮਾਗ਼ ‘ਤੇ ਹਾਵੀ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਕਦੇ ਵੀ ਅਜਿਹੇ ਗਾਣੇ ਸੁਣ ਕੇ ਵਾਇਲੰਸ ਨਹੀਂ ਕੀਤਾ। ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਇੰਡਸਟਰੀ ‘ਚ ਕਰੀਬ 12 ਸਾਲਾਂ ਤੋਂ ਸਰਗਰਮ ਹੈ। ਉਨ੍ਹਾਂ ਨੇ ਇੰਡਸਟਰੀ ‘ਚ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮੁਕਾਮ ਆਪਣੀ ਮਿਹਨਤ ਤੇ ਸੰਘਰਸ਼ ਦੇ ਦਮ ‘ਤੇ ਹਾਸਲ ਕੀਤਾ ਹੈ। ਅੱਜ ਪਰਮੀਸ਼ ਵਰਮਾ ਦੇ ਦੇਸ਼ ਦੁਨੀਆ ‘ਚ ਲੱਖਾਂ ਚਾਹੁਣ ਵਾਲੇ ਪ੍ਰਸ਼ੰਸਕ ਹਨ। ਉਸ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਹੀ ਪਰਮੀਸ਼ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਵੀ ਬਣਿਆ ਰਹਿੰਦਾ ਹੈ।

Add a Comment

Your email address will not be published. Required fields are marked *