ਕਾਂਗਰਸ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ‘ਦੋਸ਼ ਪੱਤਰ’ ਜਾਰੀ

ਨਵੀਂ ਦਿੱਲੀ, 21 ਜਨਵਰੀ: ਕਾਂਗਰਸ ਪਾਰਟੀ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਇਕ ‘ਦੋਸ਼ ਪੱਤਰ’ ਜਾਰੀ ਕਰਦਿਆਂ ਭਾਜਪਾ ਨੂੰ ਇਕ ‘ਭ੍ਰਿਸ਼ਟ ਜੁਮਲਾ ਪਾਰਟੀ’ ਕਰਾਰ ਦਿੱਤਾ। ਕਾਂਗਰਸ ਨੇ ਕਿਹਾ ਕਿ ਭਾਜਪਾ ਦਾ ਮੰਤਰ ਹੈ ‘ਕੁਝ ਦਾ ਸਾਥ, ਖ਼ੁਦ ਦਾ ਵਿਕਾਸ, ਸਬਕੇ ਸਾਥ ਵਿਸ਼ਵਾਸਘਾਤ’।

ਵਿਰੋਧੀ ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਜੋ ਕਿ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਹਨ, ਸ੍ਰੀਨਗਰ ਵਿੱਚ ਲਾਲ ਚੌਕ ਖੇਤਰ ’ਚ ਸਥਿਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਕੌਮੀ ਝੰਡਾ ਲਹਿਰਾਉਣਗੇ। ਉਪਰੰਤ ਉਹ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿੱਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਇਹ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੇ ਇਸ ਮਾਰਚ ਦਾ ਸਿਖਰ ਹੋਵੇਗਾ।

ਇੱਥੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਤੇ ਕਮਿਊਨਿਕੇਸ਼ਨ ਇੰਚਾਰਜ ਜੈਰਾਮ ਰਮੇਸ਼ ਅਤੇ ਜਨਰਲ ਸਕੱਤਰ ਤੇ ਸੰਗਠਨ ਇੰਚਾਰਜ ਕੇ.ਸੀ. ਵੇਣੂਗੋਪਾਲ ਨੇ ਯਾਤਰਾ ਦੇ ਫਾਲੋਅੱਪ ਪ੍ਰੋਗਰਾਮ ‘ਹਾਥ ਸੇ ਹਾਥ ਜੋੜੋ ਅਭਿਆਨ’ ਦਾ ਲੋਗੋ ਵੀ ਜਾਰੀ ਕੀਤਾ। ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਲੋਗੋ ਭਾਰਤ ਜੋੜੋ ਯਾਤਰਾ ਦੇ ਲੋਗੋ ਵਰਗਾ ਹੀ ਹੈ, ਫਰਕ ਸਿਰਫ ਐਨਾ ਹੈ ਕਿ ਇਸ ਵਿੱਚ ਕਾਂਗਰਸ ਦਾ ਹੱਥ ਵਾਲਾ ਚਿੰਨ੍ਹ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ 100 ਫੀਸਦ ਰਾਜਨੀਤਿਕ ਮੁਹਿੰਮ ਹੋਵੇਗੀ ਜਿਸ ਨੂੰ ਦੇਸ਼ ਵਿਆਪੀ ਮਾਰਚ ਨਹੀਂ ਕਿਹਾ ਜਾ ਸਕਦਾ।

ਵੇਣੂਗੋਪਾਲ ਨੇ ਕਿਹਾ ਕਿ 26 ਜਨਵਰੀ ਨੂੰ ਸ਼ੁਰੂ ਹੋ ਰਹੀ ਕਾਂਗਰਸ ਦੀ ਮੁਹਿੰਮ ਦੇ ਹਿੱਸੇ ਵਜੋਂ ਪਾਰਟੀ ਵੱਲੋਂ ਯਾਤਰਾ ਦੇ ਸੁਨੇਹੇ ਨਾਲ ‘ਦੋਸ਼ ਪੱਤਰ’ ਤੇ ਰਾਹੁਲ ਗਾਂਧੀ ਦਾ ਪੱਤਰ ਹਰੇਕ ਘਰ ਤੱਕ ਪਹੁੰਚਾਇਆ ਜਾਵੇਗਾ। ਦੋਹਾਂ ਆਗੂਆਂ ਵੱਲੋਂ ਜਾਰੀ ਕੀਤੇ ਗਏ ਦੋਸ਼ ਪੱਤਰ ਵਿੱਚ ਭਾਜਪਾ ਨੂੰ ‘ਭ੍ਰਿਸ਼ਟ ਜੁਮਲਾ ਪਾਰਟੀ’ ਕਰਾਰ ਦਿੱਤਾ ਗਿਆ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਦਾ ਮੰਤਰ ‘ਕੁਝ ਦਾ ਸਾਥ, ਖ਼ੁਦ ਦਾ ਵਿਕਾਸ, ਸਬਕੇ ਸਾਥ ਵਿਸ਼ਵਾਸਘਾਤ’ ਹੈ। ਕਾਂਗਰਸ ਵੱਲੋਂ ਸਾਂਝਾ ਕੀਤਾ ਗਿਆ ਇਹ ਦੋਸ਼ ਪੱਤਰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ..‘ਕੁਝ ਕਾ ਸਾਥ’, ‘ਖ਼ੁਦ ਕਾ ਵਿਕਾਸ’ ਅਤੇ ‘ਸਬਕੇ ਸਾਥ ਵਿਸ਼ਵਾਸਘਾਤ’। ‘ਕੁਝ ਕਾ ਸਾਥ’ ਵਾਲੇ ਹਿੱਸੇ ਵਿੱਚ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਕਰਜ਼ਾ ਮੁਆਫੀ ਸਿਰਫ ਕੁਝ ਕੁ ਚੋਣਵੇਂ ਕਾਰੋਬਾਰੀਆਂ ਲਈ ਹੈ। 10 ਫੀਸਦ ਲੋਕ ਦੇਸ਼ ਦਾ 64 ਫੀਸਦ ਧਨ ਸੰਭਾਲੀ ਬੈਠੇ ਹਨ ਅਤੇ ਪ੍ਰਧਾਨ ਮੰਤਰੀ ਦੇ ਨੇੜਲੇ ਦੋਸਤਾਂ ਨੂੰ ਬੰਦਰਗਾਹ ਤੇ ਹਵਾਈ ਅੱਡੇ ਤੋਹਫੇ ਵਜੋਂ ਦਿੱਤੇ ਜਾਂਦੇ ਹਨ। ‘ਖ਼ੁਦ ਕਾ ਵਿਕਾਸ’ ਵਿੱਚ ਕਾਂਗਰਸ ਨੇ ਭਾਜਪਾ ’ਤੇ ਪ੍ਰਚਾਰ ’ਤੇ ਕਰੋੜਾਂ ਰੁਪਏ ਖਰਚ ਕਰਨ ਤੇ ਭਾਈ-ਭਤੀਜਾਵਾਦ ਨੂੰ ਸ਼ਹਿ ਦੇਣ ਦੇ ਦੋਸ਼ ਲਗਾਏ ਹਨ।

ਤੀਜੇ ਹਿੱਸੇ ‘ਸਬ ਕੇ ਸਾਥ ਵਿਸ਼ਵਾਸਘਾਤ’ ਵਿੱਚ ਪਾਰਟੀ ਨੇ ਬੇਰੁਜ਼ਗਾਰੀ, ਅਨਾਜ ਸੁਰੱਖਿਆ, ਮਹਿਲਾਵਾਂ ਦੀ ਸੁਰੱਖਿਆ, ਕਿਸਾਨਾਂ ਦੀ ਮਾੜੀ ਹਾਲਤ, ਨਫ਼ਰਤੀ ਤਕਰੀਰਾਂ, ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦੇ ਰੁਝਾਨ ਤੇ ਵੱਖ-ਵੱਖ ਖੇਤਰਾਂ ਵਿੱਚ ਕੌਮਾਂਤਰੀ ਇੰਡੈਕਸ ’ਚ ਭਾਰਤ ਦੀ ਰੈਂਕਿੰਗ ਵਰਗੇ ਮੁੱਦੇ ਉਠਾਏ ਹਨ।

Add a Comment

Your email address will not be published. Required fields are marked *