ਜੰਮੂ ਕਸ਼ਮੀਰ ’ਚ ‘ਭਾਰਤ ਜੋੜੋ’ ਯਾਤਰਾ ਦਾ ਆਖਰੀ ਪੜਾਅ ਸ਼ੁਰੂ

ਕਠੂਆ (ਜੰਮੂ ਕਸ਼ਮੀਰ), 20 ਜਨਵਰੀ-: ਭਾਰਤ ਜੋੜੋ’ ਯਾਤਰਾ ਨੇ ਆਪਣੇ ਆਖਰੀ ਗੇੜ ਜੰਮੂ ਕਸ਼ਮੀਰ ਦੀ ਸ਼ੁਰੂਆਤ ਅੱਜ ਇਸ ਸਰਹੱਦੀ ਜ਼ਿਲ੍ਹੇ ਤੋਂ ਕੀਤੀ । ਮੀਂਹ ਦੇ ਬਾਵਜੂਦ ਵੱਡੀ ਗਿਣਤੀ ਲੋਕ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਪੈਦਲ ਮਾਰਚ ਵਿੱਚ ਸ਼ਾਮਲ ਹੋਏ। ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਸੰਜੈ ਰਾਊਤ ਨੇ ਵੀ ਯਾਤਰਾ ਵਿੱਚ ਹਾਜ਼ਰੀ ਲਵਾਈ। ਮੀਂਹ ਕਾਰਨ ਯਾਤਰਾ ਸਵੇਰੇ ਸੱਤ ਵਜੇ ਦੀ ਥਾਂ ਸਵਾ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ। ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਟਰੇਡਮਾਰਕ ਸਫ਼ੇਦ ਟੀ-ਸ਼ਰਟ ’ਤੇ ਕਾਲੇ ਰੰਗ ਦਾ ਰੇਨਕੋਟ ਪਾਇਆ ਹੋਇਆ ਸੀ। ਸਤੰਬਰ ਮਹੀਨੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਯਾਤਰਾ ਲੰਘੇ ਦਿਨ ਪੰਜਾਬ ਦੇ ਪਠਾਨਕੋਟ ਤੋਂ ਜੰਮੂ ਕਸ਼ਮੀਰ ਵਿੱਚ ਦਾਖਲ ਹੋਈ ਸੀ ਤੇ 30 ਜਨਵਰੀ ਨੂੰ ਸ੍ਰੀਨਗਰ ਵਿੱਚ ਸਮਾਪਤ ਹੋਵੇਗੀ।

ਯਾਤਰਾ ਵਿੱਚ ਅੱਜ ਰਾਹੁਲ ਗਾਂਧੀ ਨਾਲ ਕਈ ਕਾਂਗਰਸੀ ਆਗੂ ਮੌਜੂਦ ਸਨ, ਜਿਨ੍ਹਾਂ ਵਿੱਚ ਜੰਮੂ ਕਸ਼ਮੀਰ ਯੂਨਿਟ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਤੇ ਸਾਬਕਾ ਪ੍ਰਧਾਨ ਗੁਲਾਮ ਅਹਿਮਦ ਮੀਰ ਵੀ ਸ਼ਾਮਲ ਸਨ। ਸ਼ਿਵ ਸੈਨਾ ਆਗੂ ਰਾਊਤ ਨੇ ਕਿਹਾ, ‘‘ਮੈਂ ਆਪਣੀ ਪਾਰਟੀ ਵੱਲੋਂ ਇਸ ਯਾਤਰਾ ’ਚ ਸ਼ਾਮਲ ਹੋਣ ਲਈ ਆਇਆ ਹਾਂ। ਦੇਸ਼ ਵਿੱਚ ਮਾਹੌਲ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਮੈਂ ਰਾਹੁਲ ਗਾਂਧੀ ਨੂੰ ਇਕ ਆਗੂ ਵਜੋਂ ਵੇਖ ਰਿਹਾ ਹਾਂ, ਜੋ ਅਸਲ ਮੁੱਦਿਆਂ ’ਤੇ ਆਪਣੀ ਆਵਾਜ਼ ਉਠਾ ਰਹੇ ਹਨ।’’ ਰਾਊਤ ਨੇ ਕਿਹਾ, ‘‘ਲੋਕ ਜਿਸ ਤਰ੍ਹਾਂ ਯਾਤਰਾ ਨਾਲ ਜੁੜ ਰਹੇ ਹਨ, ਉਹ ਦਿਲ ਨੂੰ ਛੂਹ ਗਿਆ ਹੈ। ਉਹ ਇਕ ਆਗੂ ਹਨ ਤੇ ਇਹੀ ਵਜ੍ਹਾ ਹੈ ਕਿ ਉਹ ਸੜਕਾਂ ’ਤੇ ਹਨ। ਲੋਕਾਂ ਦਾ ਆਗੂ ਕੌਣ ਹੋਵੇਗਾ, ਇਸ ਦੀ ਚੋਣ ਲੋਕ ਖ਼ੁਦ ਕਰਨਗੇ।’’

ਭਾਰਤ ਜੋੜੋ ਯਾਤਰਾ ਵੀਰਵਾਰ ਨੂੰ ਲਖਨਪੁਰ ਤੋਂ ਜੰਮੂ ਕਸ਼ਮੀਰ ਵਿੱਚ ਦਾਖ਼ਲ ਹੋੋਈ ਸੀ ਤੇ ਝੰਡਾ ਸੌਂਪਣ ਦੀ ਰਸਮ, ਜਿਸ ਵਿੱਚ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਸਣੇ ਹੋਰ ਕਈ ਉੱਘੇ ਆਗੂ ਸ਼ਾਮਲ ਹੋਏ ਸਨ, ਮਗਰੋਂ ਯਾਤਰਾ ਨੇ ਰਾਤ ਉਥੇ ਹੀ ਪੜਾਅ ਕੀਤਾ ਸੀ। ਯਾਤਰਾ ਦੇ ਜੰਮੂ ਕਸ਼ਮੀਰ ਵਿੱਚ ਦਾਖ਼ਲ ਹੋਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗਾਂਧੀ ਦੇ ਆਲੇ ਦੁਆਲੇ ਪੁਲੀਸ ਤੇ ਸੀਆਰਪੀਐੱਫ ਅਮਲੇ ਦਾ ਘੇਰਾ ਬਣਾਇਆ ਗਿਆ ਹੈ। ਜੰਮੂ-ਪਠਾਨਕੋਟ ਰੋਡ ’ਤੇ ਸੜਕ ਦੇ ਦੋਵੇਂ ਪਾਸੇ ਹੱਥਾਂ ’ਚ ਤਖ਼ਤੀਆਂ ਲਈ ਖੜ੍ਹੇ ਨੌਜਵਾਨਾਂ ਨੇ ਫੁੱਲ ਮਾਲਾਵਾਂ ਨਾਲ ਯਾਤਰਾ ਦਾ ਸਵਾਗਤ ਕੀਤਾ। ਯਾਤਰਾ ਨੇ ਅੱਜ 25 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਮਗਰੋਂ ਕਠੂਆ ਜ਼ਿਲ੍ਹੇ ਦੇ ਚੜਵਾਲ ’ਚ ਰਾਤ ਦਾ ਪੜਾਅ ਕੀਤਾ ਹੈ। ਭਲਕੇ ਸ਼ਨਿਚਰਵਾਰ ਨੂੰ ਆਰਾਮ ਦਾ ਦਿਨ ਹੋਣ ਕਰਕੇ ਕੋਈ ਮਾਰਚ ਨਹੀਂ ਹੋਵੇਗਾ।

Add a Comment

Your email address will not be published. Required fields are marked *