ਬਾਬਾ ਨਜ਼ਮੀ ਦੀਆਂ ਗ਼ਜ਼ਲਾਂ ਦੇ ਕਾਇਲ ਹੋਏ ਵਿਨੀਪੈੱਗ ਵਾਸੀ

ਵਿਨੀਪੈੱਗ, 23 ਅਗਸਤ

ਇੱਥੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸਭਾ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਪੰਜਾਬੀ ਭਾਈਚਾਰਾ ਪਰਿਵਾਰਾਂ ਸਣੇ ਹਾਜ਼ਰ ਹੋਇਆ। ਇਸ ਮੌਕੇ ਪਾਕਿਸਤਾਨ ਤੋਂ ਕੈਨੇਡਾ ਆਏ ਉੱਘੇ ਸ਼ਾਇਰ ਬਾਬਾ ਨਜ਼ਮੀ ਨੇ ਆਪਣੇ ਅੰਦਾਜ਼ ਵਿਚ ਕਵਿਤਾਵਾਂ ਤੇ ਗ਼ਜ਼ਲਾਂ ਪੇਸ਼ ਕਰਕੇ ਦੋਹਾਂ ਪੰਜਾਬਾਂ ਦੇ ਸਰੋਤਿਆਂ ਦਾ ਮਨ ਮੋਹ ਲਿਆ। ਉਨ੍ਹਾਂ ‘ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ’, ‘ਆ ਮਿਲ ਕੇ ਪੜ੍ਹੀਏ ਦੋਵੇਂ ਇਕ ਦੂਜੇ ਦੇ ਅੰਦਰ ਨੂੰ’, ‘ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ’ ਨਾਲ ਸਰੋਤਿਆਂ ਦੀ ਵਾਹ ਵਾਹ ਖੱਟੀ। ਸਵਾ ਘੰਟਾ ਚੱਲੇ ਸ਼ਾਇਰੀ ਦੇ ਇਸ ਨਿਰੰਤਰ ਪ੍ਰਵਾਹ ਨੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਪੰਜਾਬੀ ਸਾਹਿਤ ਤੇ ਸਭਿਆਚਾਰਕ ਸਭਾ ਦੇ ਆਗੂ ਮੰਗਤ ਸਿੰਘ ਸਹੋਤਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਲੇਖਕ ਜਗਮੀਤ ਸਿੰਘ ਪੰਧੇਰ ਦੀ ਪੁਸਤਕ ‘ਬੜਾ ਕੁਝ ਕਹਿਣ ਕਹਾਣੀਆਂ’ ਅਤੇ ਲੇਖਕ ਜਸਦੇਵ ਸਿੰਘ ਲਲਤੋਂ ਦੀ ‘ਜਾਨਾਂ ਦੇਸ਼ ਤੋਂ ਵਾਰ ਗਏ ਗਦਰੀ’ ਰਿਲੀਜ਼ ਕੀਤੀਆਂ ਗਈਆਂ। ਜਸਬੀਰ ਕੌਰ ਮੰਗੂਵਾਲ ਤੇ ਡਾ. ਪ੍ਰਿਤਪਾਲ ਕੌਰ ਨੇ ਕਵਿਤਾਵਾਂ ਗਾਈਆਂ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਮੁੱਖ ਬੁਲਾਰੇ ਵਜੋਂ ਪੁੱਜੇ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਅਗਵਾਈ ਵਿਚ ਸਾਮਰਾਜੀ ਕਾਰਪੋਰੇਟ ਹੁਣ ਖਾਧ ਪਦਾਰਥਾਂ ਦੀ ਵਿਸ਼ਾਲ ਮੰਡੀ ’ਤੇ ਕਬਜ਼ਾ ਕਰਨ ਲਈ ਦੁਨੀਆ ਭਰ ਵਿਚ ਜ਼ਮੀਨਾਂ ਖਰੀਦ ਰਹੇ ਹਨ। ਭਾਰਤ ਵਿਚ ਤਿੰਨ ਖੇਤੀ ਕਾਨੂੰਨ ਇਸੇ ਲੜੀ ਦਾ ਨਤੀਜਾ ਸਨ। ਆਗੂਆਂ ਨੇ ਸਾਮਰਾਜੀ ਸ਼ਕਤੀਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ। 

Add a Comment

Your email address will not be published. Required fields are marked *