UN ਨੇ ਪਾਕਿਸਤਾਨ ਦੇ 150 ਅੱਤਵਾਦੀ ਸੰਗਠਨਾਂ ਅਤੇ ਵਿਅਕਤੀਆਂ ਦਾ ਨਾਂ ਕਾਲੀ ਸੂਚੀ ‘ਚ ਪਾਇਆ

ਨਿਊਯਾਰਕ– ਸੰਯੁਕਤ ਰਾਸ਼ਟਰ ਵਲੋਂ ਹੁਣ ਤੱਕ ਪਾਕਿਸਤਾਨ ਆਧਾਰਿਤ ਜਾਂ ਪਾਕਿਸਤਾਨ ਨਾਲ ਸੰਬੰਧਤ ਕਰੀਬ 150 ਅੱਤਵਾਦੀ ਸੰਗਠਨਾਂ ਅਤੇ ਵਿਅਕਤੀਆਂ ਦੇ ਨਾਂ ਕਾਲੀ ਸੂਚੀ ‘ਚ ਪਾਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਨਵੀਨਤਮ ਨਾਂ ਲਸ਼ਕਰ-ਏ-ਤੋਇਬਾ ਦੇ ਉਪ ਮੁੱਖ ਅਬਦੁੱਲ ਰਹਿਮਾਨ ਮੱਕੀ ਦਾ ਹੈ, ਜਿਸ ਨੂੰ ਸੁਰੱਖਿਆ ਪ੍ਰੀਸ਼ਦ ਦੀ ਅਲਕਾਇਦਾ ਪ੍ਰਤੀਬੰਧ ਕਮੇਟੀ ਨੇ ਅੱਤਵਾਦੀ ਘੋਸ਼ਿਤ ਕੀਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ 1267 ਦਾਏਸ਼ (ਆਈ.ਐਸ.ਆਈ.ਐੱਲ) ਅਤੇ ਅਲਕਾਇਦਾ ਪ੍ਰਤੀਬੰਧ ਕਮੇਟੀ ਨੇ ਸੋਮਵਾਰ ਨੂੰ 68 ਸਾਲਾਂ ਮੱਕੀ ਨੂੰ ਘੋਸ਼ਿਤ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ। ਇਸ ਸੂਚੀ ‘ਚ ਸ਼ਾਮਲ ਲੋਕਾਂ ਦੀ ਸੰਪਤੀ ਜ਼ਬਤ ਕਰਨ, ਉਨ੍ਹਾਂ ‘ਤੇ ਯਾਤਰਾ ਅਤੇ ਹਥਿਆਰ ਸੰਬੰਧੀ ਪ੍ਰਤੀਬੰਧ ਲਗਾਉਣ ਦਾ ਪ੍ਰਬੰਧ ਹੈ।  
ਇਸ ਲਈ ਭਾਰਤ ਅਤੇ ਉਸ ਦੇ ਸਹਿਯੋਗੀ ਦੇਸ਼ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸਨ। ਅਲਕਾਇਦਾ ਕਮੇਟੀ ਦੀ ਸੂਚੀ ਅਨੁਸਾਰ ਸੰਯੁਕਤ ਰਾਸ਼ਟਰ ਵਲੋਂ ਹੁਣ ਤੱਕ ਕਾਲੀ ਸੂਚੀ ‘ਚ ਪਾਏ ਗਏ ਲਗਭਗ 150 ਅੱਤਵਾਦੀ ਸੰਗਠਨ ਅਤੇ ਵਿਅਕਤੀ ਜਾਂ ਤਾਂ ਪਾਕਿਸਤਾਨ ਆਧਾਰਿਤ ਹਨ, ਜਾਂ ਦੇਸ਼ ‘ਚ ਉਨ੍ਹਾਂ ਦੇ ਸਬੰਧ ਹਨ ਜਾਂ ਉਹ ਪਾਕਿਸਤਾਨ-ਅਫਗਾਨਿਸਤਾਨ ਸੀਮਾ ਖੇਤਰਾਂ ਤੋਂ ਸੰਚਾਲਿਤ ਹੁੰਦੇ ਹਨ। ਕਾਲੀ ਸੂਚੀ ‘ਚ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨੇਤਾ ਅਤੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਇੰਡ ਹਾਫਿਜ਼ ਸਈਦ, ਲਸ਼ਕਰ ਦੇ ਸਾਬਕਾ ਅੱਤਵਾਦੀ ਕਮਾਂਡਰ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਮੁਖੀ ਸਾਜ਼ਿਸ਼ਕਰਤਾ ਜਕੀ-ਉਰ-ਰਹਿਮਾਨ ਲਖਵੀ, ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਸੰਸਥਾਪਕ ਮਸੂਦ ਅਜ਼ਹਰ ਅਤੇ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਨਾਂ ਵੀ ਸ਼ਾਮਲ ਹੈ। 
ਜ਼ਮਾਤ ਉਦ ਦਾਅਵਾ/ ਲਸ਼ਕਰ-ਏ-ਤੋਇਬਾ ਦੇ ਰਾਜਨੀਤਿਕ ਮਾਮਲਿਆਂ ਦੇ ਮੁਖੀ ਅਤੇ ਲਸ਼ਕਰ ਸਰਗਨਾ ਹਾਫਿਜ਼ ਮੁਹੰਮਦ ਸਈਦ ਦੇ ਰਿਸ਼ਤੇਦਾਰ ਮੱਕੀ ਦਾ ਸੰਸਾਰਕ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਕਰੀਬੀ ਸਹਿਯੋਗੀ ਚੀਨ ਵਲੋਂ16 ਜੂਨ 2022 ਨੂੰ ਭਾਰਤ ਅਤੇ ਅਮਰੀਕਾ ਦੇ ਇਕ ਸੰਯੁਕਤ ਪ੍ਰਸਤਾਵ ‘ਤੇ ਰੋਕ ਲਗਾਏ ਜਾਣ ਦੇ ਸੱਤ ਮਹੀਨੇ ਬਾਅਦ ਸਫ਼ਲ ਹੋਇਆ ਹੈ,ਕਿਉਂਕਿ ਇਸ ਵਾਰ ਬੀਜ਼ਿੰਗ ਨੇ ਅੜਿੰਗਾ ਨਹੀਂ ਲਗਾਇਆ। ਕਿਸੇ ਵਿਅਕਤੀ ਜਾਂ ਸੰਗਠਨ ਨੂੰ 1267 ਪ੍ਰਤੀਬੰਧ ਕਮੇਟੀ ਦੀ ਤਹਿਤ ਸੂਚੀਬੰਧ ਕਰਨ ਦਾ ਫ਼ੈਸਲਾ ਸਹਿਮਤੀ ਨਾਲ ਲਿਆ ਜਾਂਦਾ ਹੈ।
15 ਮੈਂਬਰੀ ਸੁਰੱਖਿਆ ਪ੍ਰੀਸ਼ਦ ਨੇ ਅਲਕਾਇਦਾ ਪ੍ਰਤੀਬੰਧ ਕਮੇਟੀ ਬਣਾਈ ਹੈ, ਜਿਸ ‘ਚ ਬਤੌਰ ਸਥਾਈ ਮੈਂਬਰ ਵੀਟੋ ਦਾ ਅਧਿਕਾਰ ਰੱਖਣ ਵਾਲਾ ਚੀਨ ਇਕਮਾਤਰ ਦੇਸ਼ ਸੀ ਜਿਸ ਨੇ ਮੱਕੀ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਨੂੰ ਰੋਕਿਆ ਸੀ। ਪਿਛਲੇ ਸਾਲ ਜੂਨ ‘ਚ ਭਾਰਤ ਅਤੇ ਅਮਰੀਕਾ ਦੇ ਸੰਯੁਕਤ ਪ੍ਰਸਤਾਵ ‘ਤੇ ਚੀਨ ਵਲੋਂ ਰੋਕ ਲਗਾਏ ਜਾਣ ਤੋਂ ਬਾਅਦ 1267 ਅਲਕਾਇਦਾ ਪ੍ਰਤੀਬੰਧ ਕਮੇਟੀ ਦੇ ਤਹਿਤ ਮੱਕੀ ਨੂੰ ਸੂਚੀਬੱਧ ਕਰਨ ‘ਤੇ ਸਹਿਮਤੀ ਨਹੀਂ ਬਣ ਪਾਈ ਸੀ। 

Add a Comment

Your email address will not be published. Required fields are marked *