ਕੀਵ ’ਚ ਹੈਲੀਕਾਪਟਰ ਡਿੱਗਿਆ, ਗ੍ਰਹਿ ਮੰਤਰੀ ਸਣੇ 18 ਹਲਾਕ

ਕੀਵ, 18 ਜਨਵਰੀ-: ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਪੈਂਦੇ ਇਲਾਕੇ ਬ੍ਰੋਵੇਰੀ ’ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਗ੍ਰਹਿ ਮੰਤਰੀ ਅਤੇ ਤਿੰਨ ਬੱਚਿਆਂ ਸਮੇਤ 18 ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਅਜੇ ਤੱਕ ਨਹੀਂ ਦੱਸਿਆ ਕਿ ਇਹ ਹਾਦਸਾ ਹੈ ਜਾਂ ਰੂਸ ਨਾਲ ਜੰਗ ਕਾਰਨ ਹੈਲੀਕਾਪਟਰ ਡਿੱਗਿਆ ਹੈ। ਉਂਜ ਕੀਵ ਦੇ ਇਲਾਕੇ ’ਚ ਹੁਣੇ ਜਿਹੇ ਜੰਗ ਦੀ ਕੋਈ ਖ਼ਬਰ ਨਹੀਂ ਹੈ। ਯੂਕਰੇਨ ਦੀ ਕੌਮੀ ਪੁਲੀਸ ਦੇ ਮੁਖੀ ਇਹੋਰ ਕਲੀਮੇਂਕੋ ਮੁਤਾਬਕ ਹਾਦਸੇ ’ਚ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਡੇਨੀਸ ਮੋਨਾਸਟਿਰਸਕੀ, ਉਨ੍ਹਾਂ ਦੇ ਡਿਪਟੀ ਯੇਵਹੇਨ ਯੇਨਿਨ ਅਤੇ ਮੰਤਰਾਲੇ ਦੇ ਸਕੱਤਰ ਯੂਰੀ ਲੂਬਕੋਵਿਚ ਮਾਰੇ ਗਏ ਹਨ। ਰੂਸ ਨਾਲ ਜੰਗ ਸ਼ੁਰੂ ਹੋਣ ਦੇ 11 ਮਹੀਨਿਆਂ ’ਚ ਪਹਿਲਾ ਯੂਕਰੇਨੀ ਮੰਤਰੀ ਹੈ, ਜੋ ਮਾਰਿਆ ਗਿਆ ਹੈ। ਕੀਵ ਖੇਤਰੀ ਗਵਰਨਰ ਓਲੈਕਸੀ ਕੁਲੇਬਾ ਨੇ ਕਿਹਾ ਕਿ ਮ੍ਰਿਤਕਾਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਅਧਿਕਾਰੀਆਂ ਅਤੇ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਹੈਲੀਕਾਪਟਰ ਕਿੰਡਰਗਾਰਡਨ ਨੇੜੇ ਹਾਦਸਾਗ੍ਰਸਤ ਹੋਇਆ ਹੈ। ਖੇਤਰੀ ਗਵਰਨਰ ਨੇ ਕਿਹਾ ਕਿ ਜ਼ਖ਼ਮੀਆਂ ’ਚ 15 ਬੱਚਿਆਂ ਸਮੇਤ 29 ਵਿਅਕਤੀ ਸ਼ਾਮਲ ਹਨ। ਯੂਕਰੇਨ ਦੀ ਪ੍ਰਥਮ ਮਹਿਲਾ   ਓਲੇਨਾ ਜ਼ੈਲੇਂਸਕਾ ਨੇ ਸਵਿਟਜ਼ਰਲੈਂਡ ਦੇ ਦਾਵੋਸ ’ਚ ਵਿਸ਼ਵ ਆਰਥਿਕ ਫੋਰਮ ’ਚ ਹਾਜ਼ਰੀ ਭਰਨ ਦੌਰਾਨ ਹੈਲੀਕਾਪਟਰ ਹਾਦਸੇ ’ਤੇ ਦੁੱਖ ਜਤਾਇਆ। ਫੋਰਮ ਦੇ ਪ੍ਰਧਾਨ ਬੋਰਜ ਬ੍ਰੇਂਡੇ ਨੇ ਮੀਟਿੰਗ ਦੌਰਾਨ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਯਾਦ ’ਚ 15 ਸਕਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 

Add a Comment

Your email address will not be published. Required fields are marked *