ਸੰਤੋਖ ਚੌਧਰੀ ਦੇ ਦਿਹਾਂਤ ਉਪਰੰਤ ਚੋਣ ਅਖਾੜਾ ਬਣੇਗਾ ਜਲੰਧਰ

ਲੁਧਿਆਣਾ –ਦੋਆਬੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਜ਼ਿਲ੍ਹਾ ਜਲੰਧਰ ਹੁਣ ਇਕ ਵਾਰ ਫਿਰ ਰਾਜਸੀ ਗਲਿਆਰਿਆਂ ਦੀਆਂ ਚਰਚਾਵਾਂ ’ਚ ਆਵੇਗਾ ਕਿਉਂਕਿ ਜਲੰਧਰ ਤੋਂ ਮੌਜੂਦਾ ਕਾਂਗਰਸੀ ਐੱਮ. ਪੀ. ਚੌਧਰੀ ਸੰਤੋਖ ਸਿੰਘ ਦਾ ਦਿਲ ਦੀ ਧੜਕਣ ਰੁਕਣ ਕਾਰਨ ਕੱਲ੍ਹ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਦਿਹਾਂਤ ਹੋ ਗਿਆ ਸੀ, ਜਿਸ ਦੇ ਚਲਦਿਆਂ ਭਾਰਤ ਚੋਣ ਕਮਿਸ਼ਨ 6 ਮਹੀਨਿਆਂ ਦੇ ਅੰਦਰ-ਅੰਦਰ ਲੋਕ ਸਭਾ ਚੋਣ ਕਰਵਾ ਸਕਦਾ ਹੈ ਭਾਵ ਅਪ੍ਰੈਲ-ਮਈ ’ਚ ਚੋਣ ਦਾ ਬਿਗੁਲ ਵੱਜ ਸਕਦਾ ਹੈ।

ਜਿਸ ਸਬੰਧੀ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਇਕ ਸਾਲ ਦਾ ਰਿਪੋਰਟ ਕਾਰਡ ਜ਼ਿਲ੍ਹਾ ਜਲੰਧਰ ਲੋਕ ਸਭਾ ਹਲਕੇ ’ਚ ਦੇਖਣ ਨੂੰ ਮਿਲੇਗਾ, ਜਿਸ ਦੇ ਚਲਦਿਆਂ ਰਾਜਸੀ ਮਾਹਿਰਾਂ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦਾ ਰਾਜਸੀ ਗੇੜਾ ਜਲੰਧਰ ਲੋਕ ਸਭਾ ’ਚ ਆਏ ਦਿਨ ਲੱਗੇਗਾ ਅਤੇ ਜਲੰਧਰ ਲੋਕ ਸਭਾ ਹਲਕੇ ’ਤੇ ਭਗਵੰਤ ਮਾਨ ਦਾ ਮੇਨ ਫੋਕਸ ਰਹੇਗਾ, ਜਿਸ ਦੇ ਚੱਲਦਿਆਂ ਉਹ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਚਾਲੂ ਕਰਵਾਉਣ ਲਈ ਵੱਡੀ ਪੱਧਰ ’ਤੇ ਜੱਦੋ-ਜਹਿਦ ਕਰਨਗੇ। ਇਸ ਤੋਂ ਇਲਾਵਾ ਵਿਕਾਸ ਦੇ ਰੁਕੇ ਕੰਮਾਂ ਨੂੰ ਹਰੀ ਝੰਡੀ ਦੇਣਗੇ ਤੇ ਜਲੰਧਰ ਦੇ ਵਿਧਾਇਕਾਂ ਨਾਲ ਭਵਿੱਖ ਦੀ ਯੋਜਨਾ ਬਣਾ ਕੇ ਪੂਰੀ ਤਿਆਰੀ ਨਾਲ ਮੈਦਾਨ ਵਿਚ ਉਤਰਨ ਦੀ ਯੋਜਨਾ ਬਣਾਉਣਗੇ।

ਬਾਕੀ ਜੇਕਰ ਅਕਾਲੀ-ਭਾਜਪਾ ਦਾ ਗੱਠਜੋੜ ਹੋ ਗਿਆ ਤਾਂ ਪਵਨ ਕੁਮਾਰ ਟੀਨੂੰ ਗੱਠਜੋੜ ਦਾ ਉਮੀਦਵਾਰ ਹੋਣ ਦੀ ਪੂਰੀ ਸੰਭਾਵਨਾ ਹੈ, ਜੇਕਰ ਨਹੀਂ ਤਾਂ ਭਾਜਪਾ ਆਪਣੇ ਪੱਤੇ ਆਪ ਕੱਢੇਗੀ। ਬਾਕੀ ਇਸ ਲੋਕ ਸਭਾ ਹਲਕੇ ’ਚ ਕਾਂਗਰਸ ਪਾਰਟੀ ਚੌਧਰੀ ਪਰਿਵਾਰ ਦੇ ਕਿਸੇ ਨਜ਼ਦੀਕੀ ਨੂੰ ਟਿਕਟ ਦੇ ਕੇ ਹਮਦਰਦੀ, ਸ਼ਰਧਾਂਜਲੀ ਤੇ ਚੌਧਰੀ ਸਾਹਿਬ ਵੱਲੋਂ ਕੀਤੇ ਕੰਮਾਂ, ਉਨ੍ਹਾਂ ਦੇ ਮਿਲਣਸਾਰ ਸੁਭਾਅ, ਸਾਧੂ ਸੁਭਾਅ ਤੇ ਵਿਕਾਸ ਦੇ ਹੋਰ ਕੀਤੇ ਕੰਮਾਂ ਨੂੰ ਅੱਗੇ ਰੱਖ ਕੇ ਮੈਦਾਨ ਵਿਚ ਉਤਰੇਗੀ। ਇਸ ਦੇ ਨਤੀਜੇ ਕੀ ਹੋਣਗੇ, ਇਸ ਸਬੰਧੀ ਆਖਣਾ ਅਜੇ ਮੁਸ਼ਕਿਲ ਹੈ ਪਰ ਭਗਵੰਤ ਮਾਨ ਸਰਕਾਰ ਦਾ ਇਮਤਿਹਾਨ ਜ਼ਰੂਰ ਮੰਨਿਆ ਜਾ ਰਿਹਾ ਹੈ।

Add a Comment

Your email address will not be published. Required fields are marked *