‘ਭਾਰਤ ਜੋੜੋ ਯਾਤਰਾ’ ਦੌਰਾਨ ਪੰਜਾਬ ’ਚ ਪਈ 3 ਦਿਨ ਦੀ ਬ੍ਰੇਕ, ਕਈ ਪੁਆਇੰਟ ਹੋਏ ਮਿਸ

ਲੁਧਿਆਣਾ : ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ‘ਚ ਪੰਜਾਬ ‘ਚ ਦਾਖ਼ਲ ਹੋਣ ਤੋਂ ਬਾਅਦ 3 ਦਿਨ ਦੀ ਬ੍ਰੇਕ ਪੈ ਗਈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ‘ਭਾਰਤ ਜੋੜੋ ਯਾਤਰਾ’ ਸ਼ੰਭੂ ਬਾਰਡਰ ਜ਼ਰੀਏ ਪੰਜਾਬ ‘ਚ ਦਾਖ਼ਲ ਹੋਣ ਤੋਂ ਬਾਅਦ 11 ਜਨਵਰੀ ਨੂੰ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ ਉਸੇ ਦਿਨ ਸ਼ਾਮ ਨੂੰ ਖੰਨਾ ਦੇ ਨੇੜੇ ਪੁੱਜ ਕੇ ਖ਼ਤਮ ਹੋ ਗਈ, ਜਦੋਂਕਿ ਅਗਲੇ ਦਿਨ 12 ਜਨਵਰੀ ਨੂੰ ਪਾਇਲ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਲਾਡੋਵਾਲ ਪੁੱਜਣ ਦੀ ਬਜਾਏ ਦੁਪਹਿਰ ਨੂੰ ਲੁਧਿਆਣਾ ਦੇ ਸਮਰਾਲਾ ਚੌਂਕ ਵਿਚ ਰੈਲੀ ਦੇ ਨਾਲ ਰੋਕ ਦਿੱਤੀ ਗਈ।

ਇਸ ਸਬੰਧੀ ਚਰਚਾ ਹੈ ਕਿ ਰਾਹੁਲ ਗਾਂਧੀ ਉਸ ਦਿਨ ਆਪਣੀ ਭੈਣ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ਦਿੱਲੀ ਚਲੇ ਗਏ ਸਨ ਤੇ 13 ਜਨਵਰੀ ਨੂੰ ਲੋਹੜੀ ਦੇ ਮੱਦੇਨਜ਼ਰ ਯਾਤਰਾ ਨੂੰ ਬ੍ਰੇਕ ਲਾ ਦਿੱਤੀ ਗਈ। ਹਾਲਾਂਕਿ ਇਹ ਯਾਤਰਾ 14 ਜਨਵਰੀ ਨੂੰ ਸਵੇਰ ਲਾਡੋਵਾਲ ਪੁਆਇੰਟ ਤੋਂ ਸ਼ੁਰੂ ਕਰ ਦਿੱਤੀ ਗਈ ਸੀ ਪਰ ਕੁੱਝ ਦੇਰ ਬਾਅਦ ਫਿਲੌਰ ਦੇ ਨੇੜੇ ਜਲੰਧਰ ਲੋਕ ਸਭਾ ਹਲਕੇ ਤੋਂ ਐੱਮ. ਪੀ. ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਜਾਣ ਕਾਰਨ ਯਾਤਰਾ ਰੋਕ ਦਿੱਤੀ ਗਈ ਸੀ।

ਹੁਣ ਐੱਮ. ਪੀ. ਚੌਧਰੀ ਸੰਤੋਖ ਸਿੰਘ ਦੇ ਅੰਤਿਮ ਸੰਸਕਾਰ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਜਲੰਧਰ ਤੋਂ ਮੁੜ ਯਾਤਰਾ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਪੰਜਾਬ ‘ਚ ਐਂਟਰੀ ਹੋਣ ਤੋਂ ਲੈ ਕੇ ਹੁਣ ਤੱਕ ਯਾਤਰਾ ‘ਚ 3 ਦਿਨ ਦੀ ਬ੍ਰੇਕ ਪੈ ਗਈ ਹੈ, ਜਿਸ ਕਾਰਨ ਪੁਰਾਣੇ ਰੂਟ ‘ਚ ਸ਼ਾਮਲ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਲਾਡੋਵਾਲ ਪੁਆਇੰਟ ਤੋਂ ਇਲਾਵਾ ਫਿਲੌਰ ਤੋਂ ਬਾਅਦ ਗੋਰਾਇਆਂ, ਫਗਵਾੜਾ, ਕਪੂਰਥਲਾ ਤੋਂ ਇਲਾਵਾ ਜਲੰਧਰ ਦੇ ਕਈ ਪੁਆਇੰਟ ਮਿਸ ਹੋ ਗਏ ਹਨ।

Add a Comment

Your email address will not be published. Required fields are marked *