ਨੇਪਾਲ ’ਚ ਜਹਾਜ਼ ਹਾਦਸਾ; ਪੰਜ ਭਾਰਤੀਆਂ ਸਣੇ 68 ਹਲਾਕ
ਕਾਠਮੰਡੂ, 15 ਜਨਵਰੀ-: ਨੇਪਾਲ ਦੇ ਕੇਂਦਰੀ ਸ਼ਹਿਰ ਪੋਖਰਾ ਵਿੱਚ ਅੱਜ ਯੇਤੀ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਘੱਟੋ-ਘੱਟ 68 ਯਾਤਰੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚੋਂ 12 ਦੀ ਸ਼ਨਾਖਤ ਕਰ ਲਈ ਗਈ ਹੈ। ਹਾਦਸੇ ਮੌਕੇ ਜਹਾਜ਼ ਵਿਚ ਪੰਜ ਭਾਰਤੀਆਂ ਸਣੇ ਕੁੱਲ 72 ਵਿਅਕਤੀ ਸਵਾਰ ਸਨ। ਜਹਾਜ਼ ਦੋ ਹਫ਼ਤੇ ਪਹਿਲਾਂ ਖੁੱਲ੍ਹੇ ਨਵੇਂ ਹਵਾਈ ਅੱਡੇ ’ਤੇ ਉਤਰਨ ਮੌਕੇ ਨਦੀ ਕੰਢੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਮਗਰੋਂ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਕੈਬਨਿਟ ਮੰਤਰੀਆਂ ਦੀ ਹੰਗਾਮੀ ਮੀਟਿੰਗ ਸੱਦੀ, ਜਿਸ ਵਿੱਚ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇੇਣ ਲਈ 16 ਜਨਵਰੀ ਨੂੰ ਇਕ ਦਿਨਾ ਸੋਗ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰਾਲੇ, ਸੁਰੱਖਿਆ ਅਮਲੇ ਤੇ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਫੌਰੀ ਰਾਹਤ ਤੇ ਬਚਾਅ ਕਾਰਜ ਚਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਜਾਂਚ ਕਮਿਸ਼ਨ ਬਣਾ ਦਿੱਤਾ ਹੈ, ਜਿਸ ਦੀ ਅਗਵਾਈ ਸਾਬਕਾ ਹਵਾਬਾਜ਼ੀ ਸਕੱਤਰ ਨਾਗੇਂਦਰ ਘਿਮੇਰੇ ਕਰਨਗੇ। ਹਾਦਸੇ ਮਗਰੋਂ ਪੋਖਰਾ ਕੌਮਾਂਤਰੀ ਹਵਾਈ ਅੱਡੇ ਨੂੰ ਅੱਜ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀਏਏਐੱਨ) ਮੁਤਾਬਕ ਯੇਤੀ ਏਅਰਲਾਈਨਜ਼ ਦੇ 9ਐੱਨ-ਏਐੱਨਸੀ ਏਟੀਆਰ-72 ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਸਵੇਰੇ 10:33 ਵਜੇ ਉਡਾਣ ਭਰੀ ਸੀ। ਪੋਖਰਾ ਹਿਮਾਲਾ ਵਿੱਚ ਵਸੇ ਮੁਲਕ ਦਾ ਪ੍ਰਮੁੱਖ ਸੈਲਾਨੀ ਕੇਂਦਰ ਹੈ। ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਪੋਖਰਾ ਹਵਾਈ ਅੱਡੇ ’ਤੇ ਉਤਰਨ ਮੌਕੇ 72 ਸੀਟਾਂ ਵਾਲਾ ਦੇ ਇੰਜਨਾਂ ਵਾਲਾ ਟਰਬੋਪਰੋਪ ਜਹਾਜ਼ ਸੇਤੀ ਨਦੀ ਦੇ ਕੰਢੇ ਪੁਰਾਣੇ ਤੇ ਨਵੇਂ ਹਵਾਈ ਅੱਡੇ ਦੇ ਵਿਚਾਲੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ’ਚ 68 ਯਾਤਰੀ ਤੇ ਅਮਲੇ ਦੇ ਚਾਰ ਮੈਂਬਰ ਸਵਾਰ ਸਨ। ਸੀਏਏਐੱਨ ਦੀ ਰਾਹਤ ਤੇ ਬਚਾਅ ਬਾਰੇ ਤਾਲਮੇਲ ਕਮੇਟੀ ਦੇ ਅਧਿਕਾਰੀ ਨੇ ਕਿਹਾ, ‘‘ਹੁਣ ਤੱਕ ਹਾਦਸੇ ਵਾਲੀ ਥਾਂ ਤੋਂ 68 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ ਇਨ੍ਹਾਂ ਵਿਚੋਂ ਕਿਸੇ ਦੀ ਵੀ ਅਜੇ ਤੱਕ ਪਛਾਣ ਨਹੀਂ ਹੋਈ। ਬਾਕੀ ਬਚੀਆਂ ਚਾਰ ਲਾਸ਼ਾਂ ਨੂੰ ਲੱਭਣ ਲਈ ਯਤਨ ਜਾਰੀ ਹਨ।’’ ਜਹਾਜ਼ ’ਤੇ ਸਵਾਰ ਵਿਦੇਸ਼ੀ ਨਾਗਰਿਕਾਂ ’ਚੋਂ ਪੰਜ ਭਾਰਤੀ, ਚਾਰ ਰੂਸੀ, ਦੋ ਕੋਰਿਆਈ, ਇਕ ਇਕ ਆਸਟਰੇਲੀਅਨ, ਫਰੈਂਚ, ਅਰਜਨਟੀਨੀ ਤੇ ਇਜ਼ਰਾਇਲੀ ਨਾਗਰਿਕ ਹਨ। ਉਧਰ ਭਾਰਤੀ ਅੰਬੈਸੀ ਨੇ ਇਕ ਟਵੀਟ ਵਿੱਚ ਕਿਹਾ ਕਿ ਜਹਾਜ਼ ’ਚ ਪੰਜ ਭਾਰਤੀਆਂ ਸਣੇ ਕੁੱਲ 15 ਵਿਦੇਸ਼ੀ ਨਾਗਰਿਕ ਮੌਜੂਦ ਸਨ, ਜਿਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਯੇਤੀ ਏਅਰਲਾਈਨਜ਼ ਦੇ ਅਧਿਕਾਰੀ ਨੇ ਪੰਜ ਭਾਰਤੀ ਨਾਗਰਿਕਾਂ ਦੀ ਪਛਾਣ ਅਭਿਸ਼ੇਕ ਕੁਸ਼ਵਾਹਾ, ਬਿਸ਼ਾਲ ਸ਼ਰਮਾ, ਅਨਿਲ ਕੁਮਾਰ ਰਾਜਭਰ, ਸੋਨੂ ਜੈਸਵਾਲ ਤੇ ਸੰਜੈ ਜੈਸਵਾਲ ਵਜੋਂ ਦੱਸੀ ਹੈ। ਨੇਪਾਲ ਵਿਚਲੇ ਭਾਰਤੀ ਮਿਸ਼ਨ ਨੇ ਇਕ ਟਵੀਟ ਵਿੱਚ ਕਿਹਾ, ‘‘ਯੇਤੀ ਏਅਰਲਾਈਨਜ਼ ਦਾ ੲੇਟੀਆਰ-72 ਜਹਾਜ਼ ਕਾਠਮੰਡੂ ਤੋਂ ਉਡਾਣ ਭਰਨ ਮਗਰੋਂ ਪੋਖਰਾ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਉਡਾਣ ’ਤੇ ਪੰਜ ਭਾਰਤੀ ਯਾਤਰੀ ਸਵਾਰ ਸਨ। ਰਾਹਤ ਕਾਰਜ ਜਾਰੀ ਹਨ।’’ ਭਾਰਤੀ ਮਿਸ਼ਨ ਨੇ ਕਿਹਾ ਕਿ ਅੰਬੈਸੀ ਸਥਾਨਕ ਅਥਾਰਿਟੀਜ਼ ਦੇ ਸੰਪਰਕ ਵਿੱਚ ਹੈ ਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ। ਉਂਜ ਅਜੇ ਤੱਕ ਹਾਦਸੇ ਦੇ ਅਸਲ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਕਿਹਾ ਕਿ ਜਹਾਜ਼ ਨੇ ਹਾਦਸਾਗ੍ਰਸਤ ਹੋਣ ਤੋਂ ਠੀਕ ਪਹਿਲਾਂ ਆਖਰੀ ਵਾਰ ਸੰਪਰਕ ਕੀਤਾ ਸੀ। ਜਹਾਜ਼ ’ਤੇ ਦਸ ਵਿਦੇਸ਼ੀ ਨਾਗਰਿਕ ਸਵਾਰ ਸਨ।
ੲਅਰਲਾਈਨਜ਼ ਨੇ ਕਿਹਾ ਕਿ ਕੁਝ ਯਾਤਰੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਭਾਰਤੀ ਮੁਸਾਫ਼ਰਾਂ ਦੀ ਹਾਲਤ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਯੇਤੀ ਏਅਰਲਾਈਨਜ਼ ਦੇ ਤਰਜਮਾਨ ਸੁਦਰਸ਼ਨ ਬਾਰਤੌਲਾ ਨੇ ਕਿਹਾ, ‘‘ਪੋਖਰਾ ਵਿੱਚ ਮੌਸਮ ਬਿਲੁਕਲ ਠੀਕ ਸੀ ਤੇ ਜਹਾਜ਼ ਦਾ ਇੰਜਨ ਵੀ ਚੰਗੀ ਹਾਲਤ ਵਿੱਚ ਸੀ। ਸਾਨੂੰ ਨਹੀਂ ਪਤਾ ਕਿ ਜਹਾਜ਼ ਨੂੰ ਕੀ ਹੋਇਆ।’’ ਹਾਲਾਂਕਿ ਕੁਝ ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਜਹਾਜ਼ ਨੇ ਉਤਰਨ ਦੀ ਕੋਸ਼ਿਸ਼ ਕਰਨ ਮੌਕੇ ਥੋੜ੍ਹਾ ਚੌੜਾ ਗੇੜਾ ਲਿਆ ਸੀ, ਜੋ ਸ਼ਾਇਦ ਹਾਦਸੇ ਦਾ ਕਾਰਨ ਬਣਿਆ। ‘ਦਿ ਹਿਮਾਲਿਅਨ ਟਾਈਮਜ਼’ ਅਖ਼ਬਾਰ ਨੇ ਕਾਸਕੀ ਜ਼ਿਲ੍ਹੇ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਟੇਕ ਬਹਾਦੁਰ ਕੇਸੀ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਸੇਤੀ ਨਦੀ ਕੰਢੇ ਹਾਦਸੇ ਦਾ ਸ਼ਿਕਾਰ ਬਣਿਆ। ਹਾਲ ਦੀ ਘੜੀ ਰਾਹਤ ਕਾਰਜ ਜਾਰੀ ਹਨ।

