ਮਿੱਤਰ ਮੁਲਕਾਂ ਤੋਂ ਹੋਰ ਕਰਜ਼ਾ ਮੰਗਣਾ ਨਮੋਸ਼ੀ ਭਰਿਆ ਕੰਮ: ਸ਼ਰੀਫ
ਲਾਹੌਰ, 15 ਜਨਵਰੀ-:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਮਿੱਤਰ ਮੁਲਕਾਂ ਤੋਂ ਹੋਰ ਕਰਜ਼ੇ ਦੀ ਮੰਗ ਕਰਨੀ ਉਨ੍ਹਾਂ ਲਈ ਨਮੋਸ਼ੀ ਵਾਲੀ ਗੱਲ ਹੈ ਤੇ ਨਕਦੀ ਸੰਕਟ ਕਾਰਨ ਵਿੱਤੀ ਚੁਣੌਤੀਆਂ ਨਾਲ ਜੂਝ ਰਹੇ ਮੁਲਕ ਲਈ ਇਹ ਕੋਈ ਸਥਾਈ ਹੱਲ ਨਹੀਂ ਹੈ।
ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (ਪੀਏਐੱਸ) ਦੇ ਅਫਸਰਾਂ ਦੀ ਪਾਸਿੰਗ ਆਊਟ ਸੈਰੇਮਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਮੁਲਕ ’ਚ ਭਾਵੇਂ ਸਿਆਸੀ ਪਾਰਟੀ ਦੀ ਸਰਕਾਰ ਸੀ ਜਾਂ ਫੌਜੀ ਤਾਨਾਸ਼ਾਹੀ ਸੀ, ਕਿਸੇ ਵੀ ਸਰਕਾਰ ਨੇ ਵਿੱਤੀ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੀ ਸ਼ਲਾਘਾ ਕਰਦਿਆਂ ਹੋਰ ਕਰਜ਼ੇ ਦੀ ਮੰਗ ਕਰਨ ਸਮੇਂ ਉਨ੍ਹਾਂ ਨੂੰ ਸੱਚਮੁਚ ਸ਼ਰਮ ਆ ਰਹੀ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਲਕਾਂ ਤੋਂ ਕਰਜ਼ਾ ਲੈਣਾ ਪਾਕਿਸਤਾਨ ਦੀਆਂ ਵਿੱਤੀ ਚੁਣੌਤੀਆਂ ਦਾ ਕੋਈ ਸਥਾਈ ਹੱਲ ਨਹੀਂ ਹੈ ਕਿਉਂਕਿ ਕਰਜ਼ਾ ਤਾਂ ਉਨ੍ਹਾਂ ਨੂੰ ਮੋੜਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਸਥਿਰ ਵਿਕਾਸ ਦੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ ਅਤੇ ਵਿਕਾਸ ਨੂੰ ਸਹੀ ਲੀਹ ’ਤੇ ਪਾ ਕੇ ਵਿਦੇਸ਼ੀ ਕਰਜ਼ਿਆਂ ਤੋਂ ਬਚਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਮੌਜੂਦਾ ਸਰਕਾਰ ਦੇ ਮੁਖੀ ਸ਼ਾਹਬਾਜ਼ ਸ਼ਰੀਫ ਵਿਚਾਲੇ ਚੱਲ ਰਹੀ ਸਿਆਸੀ ਜੰਗ ਦਰਮਿਆਨ ਪਾਕਿਸਤਾਨ ਵਿੱਤੀ ਤੇ ਸਿਆਸੀ ਮਸਲਿਆਂ ਦੇ ਹੱਲ ਲਈ ਜੂਝ ਰਿਹਾ ਹੈ।

