ਆਰਥਿਕ ਸੁਸਤੀ ਤੋਂ ਉਭਰਨ ਲਈ ਡਰੈਗਨ ਨੇ ਚੱਲੀ ਚਾਲ, ਦੁਨੀਆ ਦੇ ‘ਉਲਟ’ ਲਏ ਮਹੱਤਵਪੂਰਨ ਫ਼ੈਸਲੇ

ਨਵੀਂ ਦਿੱਲੀ  – ਭਾਰਤ, ਅਮਰੀਕਾ ਸਮੇਤ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਜਿੱਥੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਪਣੀਆਂ ਵਿਆਜ ਦਰਾਂ ’ਚ ਵਾਧਾ ਕਰ ਰਹੀਆਂ ਹਨ, ਉੱਥੇ ਹੀ ਚੀਨ ਨੂੰ ਆਪਣੀ ਵਿਕਾਸ ਦਰ ਘਟਣ ਦੀ ਚਿੰਤਾ ਸਤਾ ਰਹੀ ਹੈ ਅਤੇ ਉਸ ਨੇ ਆਰਥਿਕ ਗਤੀਵਿਧੀਆਂ ਨੂੰ ਰਫਤਾਰ ਦੇਣ ਲਈ ਵਿਆਜ ਦਰਾਂ ’ਚ ਕਟੌਤੀ ਕਰ ਦਿੱਤੀ।

ਜੁਲਾਈ ’ਚ ਫੈਕਟਰੀ ਉਤਪਾਦਨ ਅਤੇ ਪ੍ਰਚੂਨ ਵਿਕਰੀ ’ਚ ਵੱਡੀ ਗਿਰਾਵਟ ਨੂੰ ਦੇਖਦੇ ਹੋਏ ਚੀਨ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਨੂੰ ਅਚਾਨਕ ਘਟਾ ਦਿੱਤੀ ਹੈ। ਜੂਨ-ਜੁਲਾਈ ਦੇ ਅੰਕੜੇ ਦੱਸਦੇ ਹਨ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਆਪਣੀ ਵਿਕਾਸ ਦਰ ਡਿਗਣ ਦਾ ਖਤਰਾ ਦਿਖਾਈ ਦੇ ਰਿਹਾ ਹੈ। ਜੁਲਾਈ ’ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 3.8 ਫੀਸਦੀ ਰਹੀ ਜੋ ਇਸੇ ਸਾਲ ਜੂਨ ਦੇ 3.9 ਫੀਸਦੀ ਤੋਂ ਘੱਟ ਹੈ ਜਦ ਕਿ ਰਾਇਟਰ ਦੇ ਪੋਲ ’ਚ ਅਰਥਸ਼ਾਸਤਰੀਆਂ ਦੇ ਲਗਾਏ 4.6 ਫੀਸਦੀ ਅਨੁਮਾਨ ਤੋਂ ਕਾਫੀ ਪਿੱਛੇ ਹੈ।

ਇਸ ਤੋਂ ਬਾਅਦ ਚੀਨ ਦੇ ਕੇਂਦਰੀ ਬੈਂਕ ਨੇ ਦੇਸ਼ ’ਚ ਆਰਥਿਕ ਵਾਧੇ ਨੂੰ ਰਫਤਾਰ ਦੇਣ ਲਈ ਵਿਆਜ ਦਰ 0.10 ਫੀਸਦੀ ਘਟਾ ਕੇ 2.75 ਫੀਸਦੀ ਕਰ ਦਿੱਤੀ ਹੈ। ਪੀਪੁਲਸ ਬੈਂਕ ਆਫ ਚਾਈਨਾ ਨੇ ਇਸ ਦੇ ਨਾਲ ਬੈਂਕਾਂ ਨੂੰ ਵਾਧੂ 400 ਅਰਬ ਯੁਆਨ (60 ਅਰਬ ਡਾਲਰ) ਮੁਹੱਈਆ ਕਰਵਾਇਆ ਹੈ।

ਪ੍ਰਚੂਨ ਵਿਕਰੀ ’ਚ ਵੀ ਸੁਸਤੀ

ਜੁਲਾਈ ’ਚ ਪ੍ਰਚੂਨ ਵਿਕਰੀ ਬੀਤੇ ਸਾਲ ਦੇ ਮੁਕਾਬਲੇ ਸਿਰਫ 2.7 ਫੀਸਦੀ ਵੱਧ ਰਹੀ ਜੋ ਜੂਨ ’ਚ 3.1 ਫੀਸਦੀ ਸੀ ਅਤੇ ਸਰਵੇ ’ਚ ਅਰਥਸ਼ਾਸਤਰੀਆਂ ਨੇ 5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਚੀਨ ਦੇ ਸੀਨੀਅਰ ਅਰਥਸ਼ਾਸਤਰੀ ਜੁਲੀਅਨ ਇਵਾਂਸ ਨੇ ਕਿਹਾ ਕਿ ਜੁਲਾਈ ਦੇ ਆਰਥਿਕ ਅੰਕੜੇ ਪ੍ਰੀ ਲਾਕਡਾਊਨ ਦੀ ਰਿਕਵਰੀ ’ਚ ਸੰਨ੍ਹ ਲਗਾ ਰਹੇ ਹਨ। ਪ੍ਰਾਪਰਟੀ ਸੈਕਟਰ ’ਚ ਮਾਰਗੇਜ ਦਾ ਬਾਈਕਾਟ ਕੀਤੇ ਜਾਣ ਨਾਲ ਰਿਟੇਲ ਖੇਤਰ ’ਤੇ ਵੱਡਾ ਅਸਰ ਪਿਆ ਹੈ। ਕਈ ਸ਼ਹਿਰਾਂ ਅਤੇ ਟੂਰਿਸਟ ਪਲੇਸ ’ਤੇ ਮੁੜ ਲਾਕਡਾਊਨ ਲਗਾਏ ਜਾਣ ਕਾਰਨ ਵੀ ਅਾਰਥਿਕ ਸਰਗਰਮੀਆਂ ’ਤੇ ਅਸਰ ਪਿਆ ਹੈ।

ਪ੍ਰਾਪਰਟੀ ਸੈਕਟਰ ’ਚ 30 ਫੀਸਦੀ ਗਿਰਾਵਟ

ਸਭ ਤੋਂ ਵੱਧ ਅਸਰ ਚੀਨ ਦੇ ਪ੍ਰਾਪਰਟੀ ਸੈਕਟਰ ’ਤੇ ਪਿਆ ਹੈ ਅਤੇ ਇੱਥੇ ਨਿਵੇਸ਼ ’ਚ ਜੁਲਾਈ ਦੌਰਾਨ 12.3 ਫੀਸਦੀ ਦੀ ਕਮੀ ਆਈ, ਜੋ ਇਸ ਸਾਲ ਸਭ ਤੋਂ ਤੇਜ਼ੀ ਨਾਲ ਘਟਿਆ ਹੈ। ਜੇ ਨਵੀਂ ਪ੍ਰਾਪਰਟੀ ਵਿਕਰੀ ਦੀ ਗੱਲ ਕਰੀਏ ਤਾਂ ਇਸ ’ਚ ਵੀ 28.9 ਫੀਸਦੀ ਦੀ ਵੱਡੀ ਗਿਰਾਵਟ ਦਿਖਾਈ ਦੇ ਰਹੀ ਹੈ। ਰੁਜ਼ਗਾਰ ਦੇ ਮੋਰਚੇ ’ਤੇ ਵੀ ਚੀਨ ਦੀ ਚਿੰਤਾ ਵਧ ਰਹੀ ਹੈ। ਦੇਸ਼ ਭਰ ’ਚ ਕਰਵਾਏ ਸਰਵੇ ਮੁਤਾਬਕ ਬੇਰੁਜ਼ਗਾਰੀ ਦਰ ਜੁਲਾਈ ’ਚ ਥੋੜੀ ਘਟ ਕੇ 5.4 ਫੀਸਦੀ ਪਹੁੰਚੀ ਹੈ ਜੋ ਜੂਨ ’ਚ 5.5 ਫੀਸਦੀ ਸੀ ਪਰ ਨੌਜਵਾਨਾਂ ’ਚ ਬੇਰੁਜ਼ਗਾਰੀ ਦਰ ਜੁਲਾਈ ਦੌਰਾਨ 19.9 ਫੀਸਦੀ ਨਜ਼ਰ ਆਈ ਜੋ ਕਾਫੀ ਜ਼ਿਆਦਾ ਹੈ।

ਵਿਕਾਸ ਦਰ ਅਨੁਮਾਨ ’ਚ 1 ਫੀਸਦੀ ਕਟੌਤੀ

ਹਵਾਬਾਓ ਟਰੱਸਟ ਦੇ ਅਰਥਸ਼ਾਸਤਰੀ ਨੀ ਵੇਨ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ’ਚ ਸੁਸਤੀ ਕਾਰਨ ਚੀਨ ਦੀ ਵਿਕਾਸ ਦਰ ਦਾ ਅਨੁਮਾਨ 1 ਫੀਸਦੀ ਘਟਾ ਕੇ 4 ਤੋਂ 4.5 ਫੀਸਦੀ ਕੀਤਾ ਜਾ ਰਿਹਾ ਹੈ। ਆਈ. ਐੱਮ. ਜੀ. ਨੇ ਵੀ 2022 ’ਚ ਚੀਨ ਦੀ ਜੀ. ਡੀ. ਪੀ. ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 4 ਫੀਸਦੀ ਕਰ ਦਿੱਤਾ ਹੈ ਜੋ ਪਹਿਲਾਂ 4.5 ਫੀਸਦੀ ਲਗਾਇਆ ਸੀ। ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇ ਅੱਗੇ ਵੀ ਆਰਥਿਕ ਗਤੀਵਿਧੀਆਂ ’ਚ ਸੁਸਤੀ ਕਾਇਮ ਰਹੀ ਤਾਂ ਵਿਕਾਸ ਦਰ ਦਾ ਅਨੁਮਾਨ ਹੋਰ ਹੇਠਾਂ ਜਾ ਸਕਦਾ ਹੈ।

Add a Comment

Your email address will not be published. Required fields are marked *