ਨੌਜਵਾਨ ਨੇ ਚੱਲਦੀ ਬੱਸ ’ਚ ਵਿਦਿਆਰਥਣ ਨੂੰ ਮਾਰੀ ਗੋਲ਼ੀ, ਹੋਇਆ ਫਰਾਰ

ਮੇਰਠ –ਮੇਰਠ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 30 ਕਿਲੋਮੀਟਰ ਦੂਰ ਮਵਾਨਾ ਥਾਣਾ ਇਲਾਕੇ ’ਚ ਸ਼ੁੱਕਰਵਾਰ ਦੁਪਹਿਰ ਨੂੰ ਇਕ ਨੌਜਵਾਨ ਨੇ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਚੱਲਦੀ ਬੱਸ ’ਚ ਗੋਲ਼ੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਵਿਦਿਆਰਥਣ ਨੂੰ ਗੰਭੀਰ ਹਾਲਤ ’ਚ ਮੇਰਠ ’ਚ ਦਾਖ਼ਲ ਕਰਵਾਇਆ ਗਿਆ ਹੈ।

ਮਵਾਨਾ ਦੇ ਪੁਲਸ ਸਰਕਲ ਅਫਸਰ (ਸੀ. ਓ.) ਉਦੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਦੁਪਹਿਰ ਸਥਾਨਕ ਕ੍ਰਿਸ਼ਕ ਇੰਟਰ ਕਾਲਜ ਦੀ ਇਕ ਵਿਦਿਆਰਥਣ (16) ਛੁੱਟੀ ਹੋਣ ਤੋਂ ਬਾਅਦ ਮਵਾਨਾ ਨਗਰ ਤੋਂ ਇਕ ਨਿੱਜੀ ਬੱਸ ’ਚ ਬੈਠ ਕੇ ਘਰ ਵਾਪਸ ਜਾ ਰਹੀ ਸੀ, ਜਦੋਂ ਬੱਸ ਨਿਲੌਹਾ ਪਹੁੰਚੀ ਤਾਂ ਉੇਥੇ ਬੱਸ ਰੁਕਵਾ ਕੇ 17-18 ਸਾਲਾ ਇਕ ਨੌਜਵਾਨ ਉਸ ’ਚ ਚੜ੍ਹ ਗਿਆ ਅਤੇ ਚੱਲਦੀ ਬੱਸ ’ਚ ਹੀ ਪਿਸਤੌਲ ਕੱਢ ਕੇ ਵਿਦਿਆਰਥਣ ਨੂੰ ਗੋਲ਼ੀ ਮਾਰ ਦਿੱਤੀ। ਗੋਲ਼ੀ ਵਿਦਿਆਰਥਣ ਦੇ ਮੋਢੇ ’ਤੇ ਲੱਗੀ ਅਤੇ ਉਹ ਡਿੱਗ ਗਈ, ਜਦਕਿ ਨੌਜਵਾਨ ਪਿਸਤੌਲ ਲਹਿਰਾਉਂਦਾ ਹੋਇਆ ਬੱਸ ’ਚੋਂ ਉਤਰ ਕੇ ਬਾਈਕ ’ਤੇ ਫਰਾਰ ਹੋ ਗਿਆ।

ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਸ ’ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਮਵਾਨਾ ਪੁਲਸ ਨੇ ਜ਼ਖ਼ਮੀ ਵਿਦਿਆਰਥਣ ਨੂੰ ਤੁਰੰਤ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੇਰਠ ਰੈਫਰ ਕਰ ਦਿੱਤਾ। ਪੁਲਸ ਨੇ ਹਮਲਾਵਰ ਨੌਜਵਾਨ ਦੀ ਭਾਲ ’ਚ ਨਾਕਾਬੰਦੀ ਕੀਤੀ ਪਰ ਉਹ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਹਮਲਾਵਰ ਨੌਜਵਾਨ ਦੀ ਪਛਾਣ ਹਸਤਿਨਾਪੁਰ ਸਥਿਤ ਇਕ ਆਈ. ਟੀ. ਆਈ. ਦੇ ਵਿਦਿਆਰਥੀ ਰਾਜਨ ਵਜੋਂ ਹੋਈ ਹੈ।

Add a Comment

Your email address will not be published. Required fields are marked *