ਨਾ ਕੋਈ ਦੇਸ਼, ਨਾ ਘਰ! ਏਅਰਪੋਰਟ ‘ਤੇ ਰਿਹਾ ਇਹ ਸ਼ਖਸ, ਹੁਣ ਇਸ ਦੇਸ਼ ਨੇ ਦਿੱਤੀ ਨਾਗਰਿਕਤਾ

ਕਿਸੇ ਦੇਸ਼ ਦਾ ਨਾਗਰਿਕ ਹੋਣਾ ਵਿਅਕਤੀ ਦੀ ਪਛਾਣ ਦਾ ਅਹਿਮ ਹਿੱਸਾ ਹੈ, ਪਰ ਜੇਕਰ ਕਿਸੇ ਦਾ ਕੋਈ ਦੇਸ਼ ਹੀ ਨਹੀਂ ਹੈ ਤਾਂ ਕੀ ਹੋਵੇਗਾ? 41 ਸਾਲਾ ਹਸਨ ਅਲ ਕੋਂਤਾਰ ਇਕ ਅਜਿਹਾ ਵਿਅਕਤੀ ਹੈ ਜੋ ਕੁਝ ਦਿਨ ਪਹਿਲਾਂ ਤੱਕ ਰਾਜ ਰਹਿਤ ਸੀ, ਯਾਨੀ ਕਿ ਉਹ ਕਿਸੇ ਦੇਸ਼ ਦਾ ਨਾਗਰਿਕ ਨਹੀਂ ਸੀ। ਕਿਸੇ ਵੀ ਦੇਸ਼ ‘ਚ ਆਪਣਾ ਘਰ ਨਾ ਹੋਣ ਕਾਰਨ ਹਸਨ ਮਲੇਸ਼ੀਆ ਦੇ ਏਅਰਪੋਰਟ ‘ਤੇ ਵੀ ਸੱਤ ਮਹੀਨੇ ਰਿਹਾ ਪਰ ਹੁਣ ਉਸ ਨੂੰ ਆਪਣਾ ਘਰ ਦੱਸਣ ਲਈ ਇਕ ਦੇਸ਼ ਲੱਭ ਗਿਆ ਹੈ।ਸਾਲਾਂ ਦੀ ਭਟਕਣ ਤੋਂ ਬਾਅਦ ਆਖਰਕਾਰ ਬੁੱਧਵਾਰ ਨੂੰ ਸੀਰੀਆਈ ਸ਼ਰਨਾਰਥੀ ਹਸਨ ਨੂੰ ਕੈਨੇਡੀਅਨ ਨਾਗਰਿਕਤਾ ਮਿਲ ਗਈ। 

ਬੁੱਧਵਾਰ ਨੂੰ ਉਨ੍ਹਾਂ ਨੂੰ ਕੈਨੇਡਾ ਦੇ ਨਾਗਰਿਕ ਹੋਣ ਦੀ ਸਹੁੰ ਚੁਕਾਈ ਗਈ। ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਹਸਨ ਨੇ ਕਿਹਾ ਕਿ ਇਹ ਜਿੱਤ ਉਸ ਦੇ ਸਾਲਾਂ ਦੇ ਸੰਘਰਸ਼ ਦਾ ਨਤੀਜਾ ਹੈ ਪਰ ਇਸ ਲੜਾਈ ਵਿੱਚ ਉਸ ਨੇ ਬਹੁਤ ਕੁਝ ਗੁਆ ਦਿੱਤਾ।ਉਹ ਨੇ ਦੱਸਿਆ ਕਿ ਇਸਦੇ ਲਈ ਮੈਂ ਇੱਕ ਬਰਬਾਦ ਦੇਸ਼ (ਸੀਰੀਆ) ਗੁਆ ਦਿੱਤਾ। ਜਦੋਂ ਮੇਰੇ ਪਿਤਾ ਨੂੰ ਮੇਰੀ ਸਭ ਤੋਂ ਵੱਧ ਲੋੜ ਸੀ, ਮੈਂ ਉਸ ਲਈ ਉੱਥੇ ਨਹੀਂ ਸੀ ਅਤੇ ਆਖਰਕਾਰ ਉਹਨਾਂ ਦੀ ਮੌਤ ਹੋ ਗਈ। 

ਹਸਨ ਦੇ ਸੰਘਰਸ਼ ਦਾ ਲੰਬਾ ਸਫ਼ਰ

ਹਸਨ ਯੁੱਧ ਪ੍ਰਭਾਵਿਤ ਸੀਰੀਆ ਤੋਂ ਭੱਜ ਕੇ ਸੰਯੁਕਤ ਅਰਬ ਅਮੀਰਾਤ ਗਿਆ, ਜਿੱਥੇ ਉਹ 11 ਸਾਲ ਰਿਹਾ। ਪਰ ਸਾਲ 2017 ਵਿੱਚ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਆਪਣੀ ਸੀਰੀਆ ਦੀ ਨਾਗਰਿਕਤਾ ਛੱਡ ਦਿੱਤੀ ਸੀ। ਉਸਨੂੰ ਡਰ ਸੀ ਕਿ ਜੇਕਰ ਉਹ ਸੀਰੀਆ ਦਾ ਨਾਗਰਿਕ ਰਿਹਾ ਤਾਂ ਯੂਏਈ ਸਰਕਾਰ ਉਸਨੂੰ ਸੀਰੀਆ ਭੇਜਣ ਲਈ ਮਜ਼ਬੂਰ ਕਰੇਗੀ ਅਤੇ ਉਸਨੂੰ ਬਸ਼ਰ ਅਲ ਅਸਦ ਦੀ ਸਰਕਾਰ ਲਈ ਫੌਜੀ ਸੇਵਾਵਾਂ ਦੇਣ ਲਈ ਮਜ਼ਬੂਰ ਕੀਤਾ ਜਾਵੇਗਾ, ਜੋ ਉਹ ਨਹੀਂ ਚਾਹੁੰਦਾ ਸੀ।ਸੀਰੀਆਈ ਪਾਸਪੋਰਟ ਨਾ ਹੋਣ ਕਾਰਨ ਯੂਏਈ ਨੇ ਹਸਨ ਨੂੰ ਮਲੇਸ਼ੀਆ ਭੇਜ ਦਿੱਤਾ, ਜੋ ਕਿ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸੀਰੀਆਈ ਲੋਕਾਂ ਨੂੰ ਐਂਟਰੀ ‘ਤੇ ਟੂਰਿਸਟ ਵੀਜ਼ਾ ਮਿਲਦਾ ਹੈ। 

ਹਸਨ ਦੇ ਟੂਰਿਸਟ ਵੀਜ਼ੇ ਦੀ ਮਿਆਦ ਤਿੰਨ ਮਹੀਨਿਆਂ ਦੇ ਅੰਦਰ ਖ਼ਤਮ ਹੋ ਗਈ। ਹਸਨ ਨੇ ਕੁਝ ਹੋਰ ਸਮਾਂ ਮਲੇਸ਼ੀਆ ਵਿੱਚ ਰਹਿਣ ਲਈ ਜੁਰਮਾਨਾ ਅਦਾ ਕੀਤਾ। ਉਹ ਇਕਵਾਡੋਰ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ।ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕੰਬੋਡੀਆ ਗਿਆ ਪਰ ਉਥੋਂ ਵੀ ਉਸ ਨੂੰ ਵਾਪਸ ਮਲੇਸ਼ੀਆ ਭੇਜ ਦਿੱਤਾ ਗਿਆ। ਉਸ ਕੋਲ ਲੋੜੀਂਦੇ ਇਮੀਗ੍ਰੇਸ਼ਨ ਕਾਗਜ਼ਾਤ ਨਹੀਂ ਸਨ, ਇਸ ਲਈ ਉਹ ਨਾ ਤਾਂ ਮਲੇਸ਼ੀਆ ਛੱਡ ਸਕਦਾ ਸੀ ਅਤੇ ਨਾ ਹੀ ਕਿਸੇ ਹੋਰ ਦੇਸ਼ ਜਾ ਸਕਦਾ ਸੀ। ਹਸਨ ਫਿਰ ਕੁਆਲਾਲੰਪੁਰ ਹਵਾਈ ਅੱਡੇ ‘ਤੇ ਰਹਿਣ ਲੱਗਾ।

ਸਾਲ 2018 ‘ਚ ਸੋਸ਼ਲ ਮੀਡੀਆ ਰਾਹੀਂ ਲਾਈਮਲਾਈਟ ‘ਚ ਆਇਆ 

ਇਸ ਦੌਰਾਨ ਉਹ ਸਾਲ 2018 ‘ਚ ਪਹਿਲੀ ਵਾਰ ਚਰਚਾ ‘ਚ ਆਇਆ। ਏਅਰਪੋਰਟ ‘ਤੇ ਉਸ ਨੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਰਿਕਾਰਡ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਸੋਸ਼ਲ ਮੀਡੀਆ ਪੋਸਟ ਨੇ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਲੋਕਾਂ ਨੇ ਉਸ ਵਰਗੇ ਸ਼ਰਨਾਰਥੀਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ।ਪਰ ਮਲੇਸ਼ੀਆ ਦੇ ਅਧਿਕਾਰੀਆਂ ਨੇ ਸੱਤ ਮਹੀਨਿਆਂ ਬਾਅਦ ਉਸ ਨੂੰ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਸ਼ਰਨਾਰਥੀ ਕੇਂਦਰ ਭੇਜ ਦਿੱਤਾ।ਇਸ ਦੌਰਾਨ ਕੈਨੇਡਾ ਦੇ ਕੁਝ ਵਾਲੰਟੀਅਰਾਂ ਨੇ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖਿਆ। ਉਨ੍ਹਾਂ ਨੇ ਹਸਨ ਦੀ ਤਰਫੋਂ ਕੈਨੇਡਾ ਵਿੱਚ ਸ਼ਰਨਾਰਥੀ ਦੀ ਅਰਜ਼ੀ ਦਾਇਰ ਕੀਤੀ ਸੀ। ਇਸ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਹਸਨ ਨੂੰ ਸ਼ਰਣ ਲਈ ਮਨਜ਼ੂਰੀ ਦੇ ਦਿੱਤੀ ਅਤੇ ਉਹ ਨਵੰਬਰ 2018 ਵਿੱਚ ਵੈਨਕੂਵਰ, ਕੈਨੇਡਾ ਪਹੁੰਚ ਗਿਆ।

ਇੱਥੇ ਉਸ ਨੇ ਕੰਮ ਕਰਨਾ ਸ਼ੁਰੂ ਕੀਤਾ। ਫਿਰ ਉਸਨੇ ਆਪਣੇ ਅਨੁਭਵਾਂ ‘ਤੇ ਇੱਕ ਕਿਤਾਬ ਵੀ ਲਿਖੀ, ਜਿਸਦਾ ਨਾਮ ਹੈ,  ‘Man At The Airport: How Social Media Saved My Life’। ਹਸਨ ਦੇ ਹੁਣ ਸਿਰਫ਼ ਦੋ ਸੁਪਨੇ ਹਨ- ਸ਼ਰਨਾਰਥੀਆਂ ਦੀ ਮਦਦ ਕਰਨਾ ਅਤੇ 15 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣਾ, ਜੋ ਸੀਰੀਆ ਤੋਂ ਭੱਜਣ ਤੋਂ ਬਾਅਦ ਪਿਛਲੇ ਚਾਰ ਮਹੀਨਿਆਂ ਤੋਂ ਮਿਸਰ ਵਿੱਚ ਰਹਿ ਰਹੇ ਹਨ।

Add a Comment

Your email address will not be published. Required fields are marked *