ਪਿਆਰ ਫੈਲਾਉਣ ਵਾਲੀ ਨਹੀਂ, ਨਫ਼ਰਤ ਤੇ ਵਿਵਾਦ ਫੈਲਾਉਣ ਵਾਲੀ ਹੈ ਰਾਹੁਲ ਗਾਂਧੀ ਦੀ ਯਾਤਰਾ : ਤਰੁਣ ਚੁੱਘ

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਆਪਣੀ ਯਾਤਰਾ ਦੌਰਾਨ ਪਿਆਰ ਫੈਲਾਉਣ ਦੇ ਖੋਖਲੇ ਦਾਅਵੇ ਕਰ ਰਹੇ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਉਹ ਇਸ ਯਾਤਰਾ ਦੌਰਾਨ ਦੇਸ਼ ਵਿੱਚ ਨਫ਼ਰਤ, ਵਿਵਾਦ, ਤੁਸ਼ਟੀਕਰਨ ਅਤੇ ਝਗੜੇ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੁਸ਼ਟੀਕਰਨ, ਭਾਈ-ਭਤੀਜਾਵਾਦ, ਵਿਵਾਦ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਜਾ ਰਹੀ ਹੈ। ਚੁੱਘ ਨੇ ਕਿਹਾ ਕਿ ਕੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਰਾਹੁਲ ਗਾਂਧੀ 1984 ਦੇ ਦਿੱਲੀ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲਨਾਥ ਨੂੰ ਪਾਰਟੀ ਵਿੱਚੋਂ ਕੱਢਣ ਦੀ ਹਿੰਮਤ ਦਿਖਾ ਸਕਦੇ ਹਨ।

ਰਾਹੁਲ ਗਾਂਧੀ ‘ਤੇ ਸਵਾਲ ਉਠਾਉਂਦੇ ਹੋਏ ਤਰੁਣ ਚੁੱਘ ਨੇ ਕਿਹਾ ਕਿ ਉਹ ਹਿੰਸਕ ਘਟਨਾਵਾਂ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿਵਾਉਣਾ ਚਾਹੁੰਦੇ, ਸਗੋਂ ਇਸ ਦੇ ਉਲਟ ਦੰਗਿਆਂ ‘ਚ ਸ਼ਾਮਲ ਕਾਂਗਰਸੀਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ ਗਿਆ। ਗਾਂਧੀ ਪਰਿਵਾਰ ਨੇ ਹਮੇਸ਼ਾ ਦੋਗਲੇ ਅਤੇ ਸਸਤੇ ਮਾਪਦੰਡਾਂ ‘ਤੇ ਸਾਜ਼ਿਸ਼ ਆਧਾਰਿਤ ਰਾਜਨੀਤੀ ਕੀਤੀ ਹੈ।

ਤਰੁਣ ਚੁੱਘ ਨੇ ਕਿਹਾ ਕਿ ਭਾਰਤ ਨੂੰ ਇਕਜੁੱਟ ਕਰਨ ਲਈ ਨਿਕਲੇ ਰਾਹੁਲ ਗਾਂਧੀ ਆਪਣੇ ਸਿਆਸੀ ਭਵਿੱਖ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਨੂੰ ਤਾਂ ਜੋੜ ਨਹੀਂ ਪਾ ਰਹੇ। ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਦੇਸ਼ ਦੀ ਰਾਜਨੀਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖੀ ਨਵੀਂ ਨੀਂਹ ਵਿੱਚ ਰਾਹੁਲ ਗਾਂਧੀ ਵਰਗੇ ਕਾਂਗਰਸੀਆਂ ਲਈ ਕੋਈ ਥਾਂ ਨਹੀਂ ਬਚੀ ਹੈ। ਭਾਜਪਾ ਨੇ “ਸਬ ਦਾ ਵਿਕਾਸ, ਸਬ ਦਾ ਵਿਸ਼ਵਾਸ ਅਤੇ ਸਬ ਦੀ ਕੋਸ਼ਿਸ਼ ਦੀ ਰਾਜਨੀਤੀ ਨੂੰ ਆਧਾਰ ਬਣਾਇਆ ਹੈ, ਜਦਕਿ ਕਾਂਗਰਸ ਵੱਖ-ਵੱਖ ਭਾਈਚਾਰਿਆਂ, ਰਾਜਾਂ, ਵਰਗਾਂ ਅਤੇ ਜਾਤਾਂ ਵਿਚਕਾਰ ਪਾੜੋ ਅਤੇ ਰਾਜ ਕਰੋ ਦੀ ਨੀਤੀ ‘ਤੇ ਚੱਲ ਰਹੀ ਹੈ।

Add a Comment

Your email address will not be published. Required fields are marked *