ਜਲੰਧਰ ਦੀ ਆਰੂਸ਼ੀ ਭਨੋਟ ਦੀ ਵੱਡੀ ਪ੍ਰਾਪਤੀ, ਸ਼ਿਕਾਗੋ ਯੂਨੀਵਰਸਿਟੀ ਤੋਂ ਮਿਲੀ ਸਕਾਲਰਸ਼ਿਪ

ਜਲੰਧਰ – 17 ਸਾਲਾ ਗੋਲਫਰ ਆਰੂਸ਼ੀ ਭਨੋਟ ਨੇ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ ਸਕਾਲਰਸ਼ਿਪ ਹਾਸਲ ਕਰ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਦਿੱਲੀ ਪਬਲਿਕ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਆਰੂਸ਼ੀ 2022 ਤੋਂ ਗੋਲਫ ਗਰਲਜ਼ ਦੀ ਮੁੱਖ ਸ਼੍ਰੇਣੀ ’ਚ ਟਾਪ-15 ’ਚ ਖੇਡ ਰਹੀ ਹੈ। ਐੱਨ. ਸੀ. ਆਰ. ’ਚ ਕਈ ਟੂਰਨਾਮੈਂਟ ਖੇਡ ਚੁੱਕੀ ਆਰੂਸ਼ੀ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਸ਼ਿਕਾਗੋ ਯੂਨੀਵਰਸਿਟੀ ਦੇ ਚੋਣ ਪੈਨਲ ਨੇ ਉਸ ਦੀ ਚੋਣ ਕੀਤੀ। ਹਾਲਾਂਕਿ ਆਰੂਸ਼ੀ ਲਈ ਇਹ ਇੰਨਾ ਆਸਾਨ ਨਹੀਂ ਸੀ। ਪੈਨਲ ਨੇ ਇਸ ਲਈ ਉਸ ਦੇ ਕਈ ਵੀਡੀਓ ਦੇਖੇ ਅਤੇ ਇੰਟਰਵਿਊਜ਼ ਵੀ ਕੀਤੀਆਂ। ਪੂਰੀ ਪ੍ਰਕਿਰਿਆ ’ਚ 6 ਮਹੀਨੇ ਲੱਗੇ, ਜਿਸ ਤੋਂ ਬਾਅਦ ਪੈਨਲ ਨੇ ਆਰੂਸ਼ੀ ਨੂੰ 100 ਫੀਸਦੀ ਸਕਾਲਰਸ਼ਿਪ ਲਈ ਚੁਣਿਆ।

ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ

ਡੀ. ਪੀ. ਐੱਸ. ’ਚ 12ਵੀਂ ਜਮਾਤ ਦੀ ਵਿਦਿਆਰਥਣ ਆਰੂਸ਼ੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਇਕਾਗਰਤਾ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਵੈਸੇ ਵੀ ਤੁਹਾਡੇ ਕੋਲ ਪੜ੍ਹਾਈ ਤੇ ਖੇਡਾਂ ਤੋਂ ਬਾਅਦ ਇੰਨਾ ਸਮਾਂ ਨਹੀਂ ਬਚਦਾ ਕਿ ਤੁਸੀਂ ਇਸ ਵੱਲ ਧਿਆਨ ਦੇ ਸਕੋ। ਇਸ ਪ੍ਰਾਪਤੀ ਲਈ ਮਾਤਾ ਮੀਨੂੰ ਭਨੋਟ ਅਤੇ ਵੱਡੀ ਭੈਣ ਅਪੂਰਵਾ ਦਾ ਬਹੁਤ ਵੱਡਾ ਯੋਗਦਾਨ ਹੈ, ਜੋ ਸਮੇਂ-ਸਮੇਂ ’ਤੇ ਪ੍ਰੇਰਿਤ ਕਰਦੇ ਰਹੇ ਹਨ। ਉਹ ਅੰਤਰਰਾਸ਼ਟਰੀ ਖਿਡਾਰੀ ਨੇਲੀ ਕੋਰਡਾ ਤੋਂ ਪ੍ਰੇਰਨਾ ਲੈਂਦੀ ਹੈ।

ਹੁਣ ਅੰਤਰਰਾਸ਼ਟਰੀ ਪੱਧਰ ’ਤੇ ਨਜ਼ਰਾਂ

ਆਰੂਸ਼ੀ ਨੇ ਦੱਸਿਆ ਕਿ ਉਹ 10 ਸਾਲ ਦੀ ਸੀ, ਜਦੋਂ ਉਸ ਨੇ ਮੋਹਾਲੀ ਦੇ ਫਾਰੇਸਟ ਰੇਂਜ ’ਚ ਪਹਿਲੀ ਵਾਰ ਟੂਰਨਾਮੈਂਟ ਖੇਡਿਆ ਸੀ। ਆਰੂਸ਼ੀ ਮੁਤਾਬਕ- ਪੀ. ਏ. ਪੀ. ਰੇਂਜ ’ਚ ਕੋਚ ਬਲਵਿੰਦਰ ਮੱਟੂ ਦੀ ਅਗਵਾਈ ’ਚ ਖੇਡਣ ਤੋਂ ਬਾਅਦ ਇਸ ਤਰ੍ਹਾਂ ਦੇ ਟੂਰਨਾਮੈਂਟ ’ਚ ਜਾ ਕੇ ਪ੍ਰਦਰਸ਼ਨ ਕਰਨਾ ਉਤਸ਼ਾਹਜਨਕ ਸੀ। ਇਸੇ ਕਰ ਕੇ ਮੈਂ ਇਸ ਖੇਡ ’ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ। ਸਕੂਲ ਪੱਧਰ ’ਤੇ ਹੋਏ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ। ਫਿਰ 2019 ’ਚ ਜਦੋਂ ਕੋਵਿਡ ਆਇਆ ਤਾਂ ਲੱਗਿਆ ਕਿ ਇਸ ’ਤੇ ਬਰੇਕ ਲੱਗ ਜਾਵੇਗੀ ਪਰ ਇਹ ਸਮਾਂ ਮੇਰੇ ਲਈ ਵਰਦਾਨ ਬਣ ਕੇ ਆਇਆ। ਮੈਂ ਘਰ ’ਚ ਲਗਾਤਾਰ ਗੋਲਫ ਸਵਿੰਗ ਦਾ ਅਭਿਆਸ ਕੀਤਾ। ਇਸ ਦਾ ਫਾਇਦਾ ਆਉਣ ਵਾਲੇ ਟੂਰਨਾਮੈਂਟ ’ਚ ਹੋਇਆ। ਐੱਨ. ਸੀ. ਆਰ. ’ਚ ਮੈਂ ਕਈ ਟੂਰਨਾਮੈਂਟ ਖੇਡੇ ਤੇ ਹੁਣ ਮੇਰੀ ਨਜ਼ਰ ਅੰਤਰਰਾਸ਼ਟਰੀ ਪੱਧਰ ’ਤੇ ਹੈ।

Add a Comment

Your email address will not be published. Required fields are marked *