ਜੋਸ਼ੀਮੱਠ: ਹੋਟਲ ਢਾਹੁਣ ਲਈ ਪ੍ਰਸ਼ਾਸਨ ਨੇ ਵਿੱਢੀ ਕਾਰਵਾਈ

ਨਵੀਂ ਦਿੱਲੀ, 10 ਜਨਵਰੀ -: ਉੱਤਰਾਖੰਡ ਦੇ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਦੋ ਹੋਟਲਾਂ ‘ਮਾਊਂਟ ਵਿਊ’ ਅਤੇ ‘ਮਾਲਾਰੀ ਇਨ’ ਨੂੰ ਢਾਹੁਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਸੋਮਵਾਰ ਨੂੰ ‘ਮਾਊਂਟ ਵਿਊ’ ਅਤੇ ‘ਮਾਲਾਰੀ ਇਨ’ ਹੋਟਲਾਂ ਨੂੰ ਢਾਹੁਣ ਦਾ ਫ਼ੈਸਲਾ ਕੀਤਾ ਸੀ ਜਿਨ੍ਹਾਂ ਦੇ ਹਾਲ ਵਿੱਚ ਵੱਡੀਆਂ ਤਰੇੜਾਂ ਪੈ ਗਈਆਂ ਤੇ ਦੋਵੇਂ ਇੱਕ ਦੂਜੇ ਵੱਲ ਝੁਕ ਗਏ ਸਨ। ਇਨ੍ਹਾਂ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਸੀ। ਇਮਾਰਤਾਂ ਦੇ ਢਾਹੁਣ ਦੇ ਕੰਮ ਲਈ ਦੋ ਜੇਸੀਬੀ ਮਸ਼ੀਨਾਂ, ਇੱਕ ਵੱਡੀ ਕਰੇਨ ਦੋ ਟਿੱਪਰ ਟਰੱਕਾਂ ਸਣੇ 60 ਮਜ਼ਦੂਰਾਂ ਨੂੰ ਉੱਥੇ ਲਿਆਂਦਾ ਗਿਆ ਤੇ ਲੋਕਾਂ ਨੂੰ ਹੋਟਲਾਂ ਦੀਆਂ ਇਮਾਰਤਾਂ ਤੋਂ ਦੂਰ ਰਹਿਣ ਲਈ ਆਖਿਆ।  ਇਸੇ ਦੌਰਾਨ ਕੇਂਦਰ ਨੇ ਅੱਜ ਐਲਾਨ ਕੀਤਾ ਕਿ ਉਹ ਉੱਤਰਾਖੰਡ ਵਿੱਚ ਹੌਲੀ-ਹੌਲੀ ਡੁੱਬ ਰਹੇ ਹਿਮਾਲਿਆਈ ਕਸਬੇ ਜੋਸ਼ੀਮੱਠ ਵਿੱਚ ਸੂਖਮ-ਭੂਚਾਲ ਨਿਰੀਖਣ ਪ੍ਰਣਾਲੀ (ਐੱਮਐੱਸਓਐੱਸ) ਸਥਾਪਤ ਕਰੇਗਾ। ਭੂ-ਵਿਗਿਆਨ ਮੰਤਰੀ ਜਿਤੇਂਦਰ ਸਿੰਘ ਨੇ ਇੱਥੇ ਭਾਰਤ-ਯੂਕੇ ਭੂ-ਵਿਗਿਆਨ ਵਰਕਸ਼ਾਪ ਵਿੱਚ ਇਹ ਐਲਾਨ ਕੀਤਾ ਅਤੇ ਕਿਹਾ ਕਿ ਨਿਰੀਖਣ ਪ੍ਰਣਾਲੀਆਂ ਬੁੱਧਵਾਰ ਤੱਕ ਲਾਗੂ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਜੋਸ਼ੀਮਠ ਸਭ ਤੋਂ ਵੱਧ ਭੂਚਾਲ ਦੇ ਖਤਰੇ ਵਾਲੇ ਜ਼ੋਨ-5 ਅਧੀਨ ਆਉਂਦਾ ਹੈ ਕਿਉਂਕਿ ਇੱਥੇ ਭੁਚਾਲ ਦਾ ਤਣਾਅ ਲਗਾਤਾਰ  ਰਹਿੰਦਾ ਹੈ। ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਦੱਸਿਆ ਕਿ ਕੇਂਦਰੀ ਇਮਾਰਤ ਖੋਜ ਸੰਸਥਾ (ਸੀਬੀਆਰਆਈ) ਰੁੜਕੀ ਨੂੰ ਹੋਟਲ ਢਾਹੁਣ ਦੇ ਕੰਮ ਵਿੱਚ ਲਾਇਆ ਗਿਆ ਹੈ। ਸੂਬਾ ਆਫ਼ਤ ਪ੍ਰਬੰਧਨ ਬਲ ਦੇ ਕਮਾਂਡੈਂਟ ਮਨੀਕਾਂਤ ਮਿਸ਼ਰਾ ਨੇ ਕਿਹਾ, ‘‘ਦੋ ਹੋਟਲਾਂ ਵਿੱਚੋਂ ‘ਮਲਾਰੀ ਇਨ’ ਨੂੰ ਪੜਾਅਵਾਰ  ਢਾਹਿਆ ਜਾਵੇਗਾ। ਸਭ ਤੋਂ ਪਹਿਲਾਂ ਉਪਰਲਾ ਹਿੱਸਾ ਤੋੜਿਆ ਜਾਵੇਗਾ। ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਜ਼ਮੀਨ ਧਸਣ ਕਾਰਨ ਦੋਵੇਂ ਹੋਟਲਾਂ ਦੀਆਂ ਇਮਾਰਤਾਂ ਝੁਕ ਕੇ ਇੱਕ ਦੂਜੇ ਦੇ ਨੇੜੇ ਆ ਗਈਆਂ ਹਨ।’’ ਉਨ੍ਹਾਂ ਆਖਿਆ, ‘‘ਇਨ੍ਹਾਂ ਨੂੰ ਢਾਹੁਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੇ ਆਲੇ ਦੁਆਲੇ ਕਈ ਘਰ ਅਤੇ ਹੋਟਲ ਹਨ। ਜੇਕਰ ਇਹ ਦੋਵੇਂ ਹੋਟਲ ਹੋਰ ਧਸਦੇ ਹਨ ਤਾਂ ਇਹ ਢਹਿ ਸਕਦੇ ਹਨ। ਇਸ ਲਈ ਮਾਹਿਰਾਂ ਨੇ ਇਨ੍ਹਾਂ ਨੂੰ ਢਾਹੁਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਇਮਾਰਤ ਖੋਜ ਸੰਸਥਾ (ਸੀਬੀਆਰਆਈ) ਮਾਹਿਰਾਂ ਨੇ ਕੱਲ੍ਹ ਸਰਵੇਖਣ ਕੀਤਾ ਸੀ ਅਤੇ ਇਸ ਸਬੰਧੀ ਹੁਣ ਹੋਰ ਤਕਨੀਕੀ ਜਾਣਕਾਰੀ ਦੇਣਗੇ।’’ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਕਿਹਾ, ‘‘ਇਮਾਰਤਾਂ ਨੂੰ ਯੋਜਨਾਬੱਧ ਢੰਗ ਨਾਲ ਢਾਹਿਆ ਜਾਵੇਗਾ। ਜਿਸ ਵਿੱਚ ਹੋਰ ਜ਼ਿਆਦਾ ਤਰੇੜਾਂ ਆ ਰਹੀਆਂ ਹਨ ਉਹ ਪਹਿਲਾਂ ਢਾਹੀ ਜਾਵੇਗੀ। ਅਸੁਰੱਖਿਅਤ ਇਮਾਰਤਾਂ ਨੂੰ ਪਹਿਲਾਂ ਢਾਹਿਆ ਜਾਵੇਗਾ। ਇਮਾਰਤਾਂ ਢਾਹੁਣ ਲਈ ਬਾਰੂਦ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਸੀਬੀਆਰਆਈ ਵਿਗਿਆਨੀਆਂ ਦੀ ਨਿਗਰਾਨੀ ਹੇਠ ਪੀਡਬਲਿਊਡੀ ਦੀ ਇੱਕ ਟੀਮ ਮਕੈਨੀਕਲ ਤਕਨੀਕਾਂ ਨਾਲ ਇਮਾਰਤਾਂ ਨੂੰ ਢਾਹ  ਰਹੀ ਹੈ।’’ ਇਸੇ ਦੌਰਾਨ ਰੱਖਿਆ ਰਾਜ ਮੰਤਰੀ ਅਜੈ ਭੱਟ ਇੱਥੇ ਪਹੁੰਚੇ ਅਤੇ ਆਰਮੀ ਬੇਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜੋਸ਼ੀਮੱਠ ਇਲਾਕੇ ਵਿੱਚ ਸਥਿਤੀ ਸਬੰਧੀ ਮੀਟਿੰਗ ਕੀਤੀ। ਅਜੈ ਭੱਟ ਨੇ ਕਸਬੇ ਦੇ ਸੁਨੀਲ ਵਾਰਡ ਵਿੱਚ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਲੋਕਾਂ ਨੂੰ ਇਸ ਤ੍ਰਾਸਦੀ ਵਿੱਚੋਂ ਕੱਢਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਕੌਮੀ ਆਫ਼ਤ ਪ੍ਰਬੰਧਨ ਕਮੇਟੀ ਨਾਲ ਮੀਟਿੰਗ ਵਿੱਚ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ ਹੈ। ਗਾਬਾ ਨੇ ਪ੍ਰਭਾਵਿਤ ਖੇਤਰ ਵਿੱਚੋਂ ਲੋਕਾਂ ਜਲਦੀ ਤੋਂ ਜਲਦੀ ਸੁਰੱਖਿਅਤ ਕੱਢਣ ’ਤੇ ਜ਼ੋਰ ਦਿੱਤਾ ਹੈ। ਬਾਰਡਰ ਰੋਡ ਡਿਪਾਰਟਮੈਂਟ ਅਤੇ ਐੱਨਡੀਐੱਮਏ ਦੀ ਟੀਮ ਤੋਂ ਇਲਾਵਾ ਐੱਸਡਆਰਐੱਫ ਦੀਆਂ ਚਾਰ ਟੀਮਾਂ ਜੋਸ਼ੀਮੱਠ ਪਹੁੰਚ ਗਈਆਂ ਹਨ।

ਜੋਸ਼ੀਮੱਠ ਵਿੱਚ ਜ਼ਮੀਨ ਧਸਣ ਕਾਰਨ ਹੁਣ ਤੱਕ 678 ਘਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ। ਇੱਥੋਂ ਤੱਕ ਕਈ ਥਾਵਾਂ ’ਤੇ ਸੜਕਾਂ ਵਿੱਚ ਤਰੇੜਾਂ ਆਈਆਂ ਹਨ। ਜ਼ਮੀਨ ਦੇ ਹੇਠਾਂ ਲਗਾਤਾਰ ਪਾਣੀ ਜਮ੍ਹਾਂ ਹੋ ਰਿਹਾ ਹੈ।

Add a Comment

Your email address will not be published. Required fields are marked *