ਮੋਹਨ ਭਾਗਵਤ ਦਾ ਵੱਡਾ ਬਿਆਨ, ਮੁਸਲਮਾਨਾਂ ਨੂੰ ਛੱਡਣੀ ਹੋਵੇਗੀ ‘ਅਸੀਂ ਵੱਡੇ ਹਾਂ’ ਦੀ ਭਾਵਨਾ

ਨਵੀਂ ਦਿੱਲੀ –ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਿੰਦੂਆਂ ਦੀ ਆਪਣੀ ਪਛਾਣ, ਕੌਮੀਅਤ ਅਤੇ ਹਰ ਕਿਸੇ ਨੂੰ ਆਪਣਾ ਮੰਨਣ ਅਤੇ ਇਸਲਾਮ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਪ੍ਰਵਿਰਤੀ ਹੈ ਪਰ ਇਸ ਨਾਲ ਇਸਲਾਮ ਨੂੰ ਦੇਸ਼ ’ਚ ਕੋਈ ਖ਼ਤਰਾ ਨਹੀਂ ਹੈ ਪਰ ਉਸ ਨੂੰ ‘ਅਸੀਂ ਵੱਡੇ ਹਾਂ’ ਦੀ ਭਾਵਨਾ ਛੱਡਣੀ ਪਵੇਗੀ।

‘ਆਰਗੇਨਾਈਜ਼ਰ’ ਅਤੇ ‘ਪੰਚਜਨਿਆ’ ਨੂੰ ਦਿੱਤੇ ਇਕ ਇੰਟਰਵਿਊ ’ਚ ਭਾਗਵਤ ਨੇ ਕਿਹਾ, ‘‘ਹਿੰਦੁਸਤਾਨ, ਹਿੰਦੁਸਤਾਨ ਬਣਿਆ ਰਹੇ, ਇਹ ਇਕ ਸਾਧਾਰਨ ਗੱਲ ਹੈ। ਇਸ ਨਾਲ ਅੱਜ ਭਾਰਤ ’ਚ ਜੋ ਮੁਸਲਮਾਨ ਹਨ, ਦਾ ਕੋਈ ਨੁਕਸਾਨ ਨਹੀਂ ਹੋਇਆ। ਉਹ ਹਨ। ਰਹਿਣਾ ਚਾਹੁੰਦੇ ਹਨ, ਰਹਿਣ। ਪੂਰਵਜਾਂ ਕੋਲ ਵਾਪਸ ਆਉਣਾ ਚਾਹੁੰਦੇ ਹਨ, ਆਉਣ। ਇਹ ਉਨ੍ਹਾਂ ਦੇ ਦਿਮਾਗ ’ਚ ਹੈ ਪਰ ‘ਅਸੀਂ ਵੱਡੇ ਹਾਂ’, ‘ਅਸੀਂ ਇਕ ਸਮੇਂ ਰਾਜਾ ਸੀ’, ‘ਸਾਨੂੰ ਦੁਬਾਰਾ ਰਾਜੇ ਬਣਨਾ ਚਾਹੀਦਾ ਹੈ’…ਇਹ ਛੱਡਣਾ ਪਵੇਗਾ। ਅਜਿਹਾ ਸੋਚਣ ਵਾਲਾ ਕੋਈ ਹਿੰਦੂ ਹੈ ਤਾਂ ਉਸ ਨੂੰ ਵੀ ਇਹ ਛੱਡਣਾ ਪਵੇਗਾ। ਕਮਿਊਨਿਸਟ ਹੈ, ਉਸ ਨੂੰ ਵੀ।’’

ਭਾਗਵਤ ਨੇ ਕਿਹਾ ਕਿ ਸਿਆਸਤ ਨੂੰ ਨਿਰਪੱਖ ਛੱਡ ਕੇ ਸੋਚੋ ਕਿ ਪਾਕਿਸਤਾਨ ਕਿਉਂ ਬਣਿਆ। ਜਦੋਂ ਤੋਂ ਇਤਿਹਾਸ ਨੇ ਅੱਖਾਂ ਖੋਲ੍ਹੀਆਂ ਹਨ, ਭਾਰਤ ਇਕਜੁੱਟ ਸੀ। ਇਸਲਾਮ ਦੇ ਹਮਲੇ ਅਤੇ ਫਿਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਹ ਦੇਸ਼ ਕਿਵੇਂ ਟੁੱਟਿਆ… ਇਹ ਸਭ ਸਾਨੂੰ ਇਸ ਲਈ ਭੁਗਤਣਾ ਪਿਆ ਕਿਉਂਕਿ ਅਸੀਂ ਹਿੰਦੂ ਭਾਵਨਾਵਾਂ ਨੂੰ ਭੁੱਲ ਗਏ ਸੀ। ਹੁਣ ਸਾਡੀ ਸਿਆਸੀ ਆਜ਼ਾਦੀ ਨੂੰ ਭੰਗ ਕਰਨ ਦੀ ਕਿਸੇ ’ਚ ਤਾਕਤ ਨਹੀਂ ਹੈ। ਇਸ ਦੇਸ਼ ’ਚ ਹਿੰਦੂ ਰਹੇਗਾ, ਇਥੋਂ ਹਿੰਦੂ ਨਹੀਂ ਜਾਵੇਗਾ, ਇਹ ਹੁਣ ਪੱਕਾ ਹੋ ਗਿਆ ਹੈ। ਹਿੰਦੂ ਹੁਣ ਜਾਗ ਗਿਆ ਹੈ। ਇਸ ਦੀ ਵਰਤੋਂ ਕਰਕੇ ਅਸੀਂ ਆਪਣੇ ਅੰਦਰ ਦੀ ਲੜਾਈ ਜਿੱਤਣੀ ਹੈ ਅਤੇ ਸਾਡੇ ਕੋਲ ਜੋ ਹੱਲ ਹੈ, ਉਸ ਨੂੰ ਪੇਸ਼ ਕਰਨਾ ਹੈ।

Add a Comment

Your email address will not be published. Required fields are marked *