ਰੂਸ ਵੱਲੋਂ ਭਾਰਤ ਵਿੱਚ ਅਤਿਵਾਦੀ ਹਮਲੇ ਦੀ ਸਾਜ਼ਿਸ਼ ਦਾ ਪਰਦਾਫਾਸ਼

ਮਾਸਕੋ, 22 ਅਗਸਤ

ਰੂਸ ਦੀ ਸਿਖਰਲੀ ਖ਼ੁਫੀਆ ਏਜੰਸੀ ਨੇ ਮੁਹੰਮਦ ਪੈਗੰਬਰ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਭਾਰਤੀ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅੱਜ ਇਸਲਾਮਿਕ ਸਟੇਟ ਦੇ ਇੱਕ ਅਤਿਵਾਦੀ ਨੂੰ ਹਿਰਾਸਤ ਵਿੱਚ ਲਿਆ ਹੈ। ਰੂਸ ਦੀ ਫੈਡਰਲ ਸਕਿਉਰਿਟੀ ਸਰਵਿਸ (ਐੱਫਐੱਸਬੀ) ਨੇ ਦਾਅਵਾ ਕੀਤਾ ਕਿ ਕੇਂਦਰੀ ੲੇਸ਼ਿਆਈ ਦੇਸ਼ ਦਾ ਇਹ ਨਾਗਰਿਕ ਭਾਰਤ ਵਿੱਚ ਆਤਮਘਾਤੀ ਹਮਲੇ ਦੀ ਤਾਕ ਵਿੱਚ ਸੀ। ਸਰਕਾਰੀ ਖ਼ਬਰ ਏਜੰਸੀ ‘ਤਾਸ’ (ਟੀਏਐੱਸਐੱਸ) ਨੇ ਰੂਸ ਦੀ ਖੁਫ਼ੀਆ ਏਜੰਸੀ ਐੱਫਐੱਸਬੀ ਦੇ ਹਵਾਲੇ ਨਾਲ ਕਿਹਾ ਕਿ ਪਾਬੰਦੀਸ਼ੁਦਾ ਇਸਲਾਮਿਕ ਸਟੇਟ ਦੇ ਇੱਕ ਪ੍ਰਮੁੱਖ ਆਗੂ ਨੇ ਤੁਰਕੀ ਵਿੱਚ ਇਸ ਸਾਲ ਅਪਰੈਲ ਤੋਂ ਜੂਨ ਦਰਮਿਆਨ ਇੱਕ ਵਿਦੇਸ਼ੀ ਨਾਗਰਿਕ ਨੂੰ ਫਿਦਾਈਨ ਵਜੋਂ ਤਿਆਰ ਕੀਤਾ ਸੀ।

ਐੱਫਐੱਸਬੀ ਨੇ ਕਿਹਾ, ‘‘ਫੈਡਰਲ ਸਕਿਉਰਿਟੀ ਸਰਵਿਸ ਨੇ ਕੌਮਾਂਤਰੀ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੇ ਮੈਂਬਰ ਦੀ ਰੂਸ ਵਿੱਚ ਪਛਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ। ਇਹ ਵਿਅਕਤੀ ਕੇਂਦਰੀ ਏਸ਼ਿਆਈ ਦੇਸ਼ ਦਾ ਨਾਗਰਿਕ ਹੈ। ।’’ ਐੱਫਐੱਸਬੀ ਦੇ ਲੋਕ ਸੰਪਰਕ ਕੇਂਦਰ ਨੇ ਦੱਸਿਆ, ‘‘ਸੋਸ਼ਲ ਮੀਡੀਆ ਮੰਚ ‘ਟੈਲੀਗ੍ਰਾਮ’ ਜ਼ਰੀਏ ਅਤੇ ਇਸਤੰਬੁਲ ਵਿੱਚ ਆਈਐੱਸ ਦੇ ਇੱਕ ਪ੍ਰਤੀਨਿਧੀ ਨਾਲ ਵਿਅਕਤੀਗਤ ਮੁਲਾਕਾਤਾਂ ਦੌਰਾਨ ਉਸ ਨੂੰ ਫਿਦਾਈਨ ਵਜੋਂ ਤਿਆਰ ਕੀਤਾ ਗਿਆ।’’ ਐੱਫਐੱਸਬੀ ਨੇ ਨੋਟ ਕੀਤਾ ਕਿ ਇਸ ਫਿਦਾਈਨ ਨੇ ਆਈਐੱਸ ਅਮੀਰ (ਮੁਖੀ) ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਧੀ ਸੀ। ਇਸ ਤੋਂ ਬਾਅਦ ਉਸ ਨੂੰ ਰੂਸ ਜਾਣ ਅਤੇ ਉੱਥੇ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਕਿ ਉਹ ਭਾਰਤ ਜਾ ਸਕੇ ਤੇ ਅਤਿਵਾਦੀ ਕਾਰਵਾਈ ਨੂੰ ਨੇਪਰੇ ਚਾੜ੍ਹ ਸਕੇ। ਹਾਲਾਂਕਿ, ਰੂਸੀ ਖੁਫ਼ੀਆ ਏਜੰਸੀ ਨੇ ਇਸ ਅਤਿਵਾਦੀ ਦੀ ਪਛਾਣ ਜਨਤਕ ਨਹੀਂ ਕੀਤੀ। ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਤੇ ਪਾਰਟੀ ਦੇ ਦਿੱਲੀ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਨੇ ਮੁਹੰਮਦ ਪੈਗੰਬਰ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ।

Add a Comment

Your email address will not be published. Required fields are marked *