ਪੰਜਾਬ ‘ਚ ਕੜਾਕੇ ਦੀ ‘ਠੰਡ’ ਨਾਲ ਸੀਤ ਲਹਿਰ ਦਾ ਕਹਿਰ ਜਾਰੀ

ਚੰਡੀਗੜ੍ਹ/ਨਵੀਂ ਦਿੱਲੀ : ਉੱਤਰੀ ਭਾਰਤ ਦੇ ਨਾਲ-ਨਾਲ ਪੂਰੇ ਪੰਜਾਬ ‘ਚ ਇਸ ਸਮੇਂ ਕੜਾਕੇ ਦੀ ਠੰਡ ਨਾਲ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਪੰਜਾਬ ‘ਚ ਬੀਤੇ ਦਿਨ ਬਲਾਚੌਰ ਸਭ ਤੋਂ ਠੰਡਾ ਰਿਹਾ। ਇੱਥੇ ਸਭ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਰਿਹਾ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।  ਹਿਮਾਚਲ ਪ੍ਰਦੇਸ਼ ’ਚ 7 ਜਨਵਰੀ ਨੂੰ ਉੱਚੀਆਂ ਥਾਵਾਂ ‘ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਊਨਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਪੂਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ।

ਊਨਾ ਵਿੱਚ ਪਿਛਲੇ 12 ਸਾਲਾਂ ਦੇ ਮੁਕਾਬਲੇ ਸ਼ੁੱਕਰਵਾਰ ਜਨਵਰੀ ਮਹੀਨੇ ਦਾ ਸਭ ਤੋਂ ਠੰਡਾ ਦਿਨ ਰਿਹਾ। ਕੁੱਲੂ ਜ਼ਿਲ੍ਹੇ ਦੇ ਮਲਾਨਾ ਵਿੱਚ ਅੱਤ ਦੀ ਠੰਡ ਕਾਰਨ ਪਾਣੀ ਦੀਆਂ ਪਾਈਪਾਂ ਜਾਮ ਹੋ ਗਈਆਂ। ਰਾਜਸਥਾਨ ਦੇ ਸੀਕਰ ਦੇ ਫਤਿਹਪੁਰ ਵਿੱਚ ਘੱਟੋ-ਘੱਟ ਤਾਪਮਾਨ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਚੁਰੂ ਵਿੱਚ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਦਿੱਲੀ ਦੇ ਆਇਆ ਨਗਰ ‘ਚ ਸ਼ੁੱਕਰਵਾਰ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਹਰਿਆਣਾ, ਪੰਜਾਬ ਅਤੇ ਰਾਜਸਥਾਨ ’ਚ ਤਿੱਖੀ ਸੀਤ ਲਹਿਰ ਜਾਰੀ ਹੈ।

ਜੰਮੂ-ਕਸ਼ਮੀਰ ’ਚ ਘੱਟੋ-ਘੱਟ ਤਾਪਮਾਨ ’ਚ ਕੁੱਝ ਸੁਧਾਰ ਹੋਣ ਨਾਲ ਵਾਦੀ ’ਚ ਪੈ ਰਹੀ ਕੜਾਕੇ ਦੀ ਠੰਡ ਤੋਂ ਕੁੱਝ ਰਾਹਤ ਮਿਲੀ ਹੈ। ਦਿੱਲੀ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਨੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ। ਡਲਹੌਜ਼ੀ ’ਚ 8.7, ਧਰਮਸ਼ਾਲਾ ’ਚ 5.4, ਸ਼ਿਮਲਾ ’ਚ 6.2, ਦੇਹਰਾਦੂਨ ’ਚ 4.4, ਮਸੂਰੀ ’ਚ 6.4 ਅਤੇ ਨੈਨੀਤਾਲ ’ਚ 6.5 ਡਿਗਰੀ ਤਾਪਮਾਨ ਸੀ। ਧੁੰਦ ਦੀ ਸੰਘਣੀ ਚਾਦਰ ਉੱਤਰੀ-ਪੱਛਮੀ ਭਾਰਤ ਅਤੇ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਛਾਈ ਹੋਈ ਹੈ। ਇਸ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਖ਼ਰਾਬ ਮੌਸਮ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਰੀਬ 30 ਉਡਾਣਾਂ ਪ੍ਰਭਾਵਤ ਹੋਈਆਂ। ਘੱਟੋ-ਘੱਟ 26 ਰੇਲ ਗੱਡੀਆਂ ਦਿੱਲੀ ਦੇਰੀ ਨਾਲ ਪੁੱਜੀਆਂ।

Add a Comment

Your email address will not be published. Required fields are marked *