ਸੁਖਪਾਲ ਸੁੱਖ ਨੇ ਬਦਲੀ ਦਿਲਜੀਤ ਦੋਸਾਂਝ ਦੀ ਦਿੱਖ, ‘ਕੀਰਤਨ’ ਤੋਂ ‘ਕਿਸਾਨੀ ਸੰਘਰਸ਼’

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ, 1984 ਨੂੰ ਪਿੰਡ ਦੋਸਾਂਝ ਕਲਾਂ ’ਚ ਹੋਇਆ। ਹਾਲ ਦੇ ਦਿਨਾਂ ’ਚ ਦਿਲਜੀਤ ਦੋਸਾਂਝ ਨੇ ਮੰਨੋ ਜਿਵੇਂ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਟੈਲੇਂਟ ਦੇ ਦਮ ’ਤੇ ਬਾਲੀਵੁੱਡ ’ਚ ਧੁੰਮਾਂ ਪਾਉਣ ਵਾਲੇ ਦਿਲਜੀਤ ਦੋਸਾਂਝ ਨੂੰ ਸ਼ੋਹਰਤ ਇੰਨੀ ਸੌਖੀ ਨਹੀਂ ਮਿਲੀ ਹੈ। ਦਿਲਜੀਤ ਦੀ ਸ਼ੋਹਰਤ ਪਿੱਛੇ ਲੰਮਾ ਸੰਘਰਸ਼ ਜੁੜਿਆ ਹੈ। ਅੱਜ ਤੁਹਾਨੂੰ ਦਿਲਜੀਤ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਪਹਿਲਾਂ ਤੁਸੀਂ ਨਹੀਂ ਸੁਣੀਆਂ ਹੋਣਗੀਆਂ–

‘ਮੈਂ ਕਿਸੇ ਨੂੰ ਨਾ ਜਾਣਾ, ਮੈਨੂੰ ਸਭ ਜਾਣਨ’
ਦਿਲਜੀਤ ਦੋਸਾਂਝ ਦਾ ਜਨਮ ਇਕ ਆਮ ਪਰਿਵਾਰ ’ਚ ਹੋਇਆ। ਦਿਲਜੀਤ ਦਾ ਬਚਪਨ ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਕਲਾਂ ’ਚ ਬਤੀਤ ਹੋਇਆ। ਦਿਲਜੀਤ ਦਾ ਪ੍ਰਿਸੱਧੀ ਹਾਸਲ ਕਰਨ ਦਾ ਸੁਫ਼ਨਾ ਬਚਪਨ ਤੋਂ ਹੀ ਸੀ। ਗੁਰੂ ਘਰ ਜਾ ਕੇ ਦਿਲਜੀਤ ਇਕੋ ਅਰਦਾਸ ਕਰਦਾ ਸੀ, ‘ਹੇ ਵਾਹਿਗੁਰੂ, ਮੈਂ ਕਿਸੇ ਨੂੰ ਨਾ ਜਾਣਾ, ਮੈਨੂੰ ਸਭ ਜਾਣਨ।’ ਦਿਲਜੀਤ ਜਦੋਂ 11 ਸਾਲਾਂ ਦਾ ਹੋਇਆ ਤਾਂ ਉਸ ਦੀ ਮਾਂ ਨੇ ਇਹ ਸੋਚ ਕੇ ਉਸ ਨੂੰ ਸ਼ਹਿਰ ਭੇਜ ਦਿੱਤਾ ਕਿ ਚਾਚੇ ਨਾਲ ਰਹਿ ਕੇ ਉਹ ਕੁਝ ਸਿੱਖ ਲਵੇਗਾ। ਦਿਲਜੀਤ ਦੇ ਚਾਚਾ ਗੁਰਬਾਣੀ ਕੀਰਤਨ ਕਰਦੇ ਸਨ। ਹਾਲਾਂਕਿ ਦਿਲਜੀਤ ਉਸ ਸਮੇਂ ਨਾਰਾਜ਼ ਸੀ, ਉਸ ਨੂੰ ਲੱਗਾ ਕਿ ਪਰਿਵਾਰ ਨੇ ਉਸ ਨੂੰ ਖੁਦ ਤੋਂ ਦੂਰ ਕਰ ਦਿੱਤਾ ਹੈ। ਇਕ ਇੰਟਰਵਿਊ ’ਚ ਦਿਲਜੀਤ ਨੇ ਕਿਹਾ ਸੀ, ‘ਘਰ ਛੱਡਣ ਤੋਂ ਬਾਅਦ ਮੈਂ ਮਾਂ ਨਾਲ ਬਹੁਤ ਨਾਰਾਜ਼ ਸੀ। ਦੀਵਾਲੀ ਮੈਨੂੰ ਬਹੁਤ ਪਸੰਦ ਸੀ ਪਰ ਉਹ ਇਕ ਵਾਰ ਜੋ ਘਰ ਛੱਡਿਆ ਤਾਂ ਫਿਰ ਕਦੇ ਮੈਂ ਇਹ ਤਿਉਹਾਰ ਨਹੀਂ ਮਨਾ ਸਕਿਆ।’

18 ਸਾਲ ਦੀ ਉਮਰ ’ਚ ‘ਇਸ਼ਕ ਦਾ ਉੜਾ ਐੜਾ’
ਹਾਲਾਂਕਿ ਦਿਲਜੀਤ ਨੂੰ ਚਾਚੇ ਨਾਲ ਰਹਿਣ ਦਾ ਫ਼ਾਇਦਾ ਮਿਲਿਆ। ਦਿਲਜੀਤ ਨੇ ਤਬਲਾ ਤੇ ਹਰਮੋਨੀਅਮ ਵਜਾਉਣਾ ਤਾਂ ਸਿੱਖ ਹੀ ਲਿਆ ਸੀ ਨਾਲ ਹੀ ਉਸ ਦੇ ਸੁਰ ਵੀ ਪੱਕੇ ਹੋਣੇ ਸ਼ੁਰੂ ਹੋ ਗਏ। ਉਸ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਛੇਤੀ ਹੀ ਜਨਤਕ ਪ੍ਰੋਗਰਾਮਾਂ ’ਚ ਸ਼ਿਰਕਤ ਕਰਨ ਲੱਗਾ। 18 ਸਾਲ ਦੀ ਉਮਰ ’ਚ ਦਿਲਜੀਤ ਦੀ ਪਹਿਲੀ ਐਲਬਮ ਆਈ ‘ਇਸ਼ਕ ਦਾ ਉੜਾ ਐੜਾ’ ਰਿਲੀਜ਼ ਹੋਈ। ਨਵੇਂ ਕਲਾਕਾਰ ਨੂੰ ਇਕ ਵੱਖਰੀ ਪਛਾਣ ਦੇਣ ਲਈ ਇਕ ਪ੍ਰੋਡਿਊਸਰ ਨੇ ਉਸ ਨੂੰ ਆਪਣਾ ਨਾਂ ਦਲਜੀਤ ਤੋਂ ਦਿਲਜੀਤ ਕਰਨ ਦੀ ਸਲਾਹ ਦਿੱਤੀ। ਕਈ ਸਾਲਾਂ ਬਾਅਦ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਵਸੇ ਉਸ ਦੇ ਦੋਸਾਂਝ ਕਲਾਂ ਪਿੰਡ ਦੇ ਲੋਕਾਂ ਨੇ ਉਸ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਤਾਂ ਉਸ ਨੇ ਆਪਣੇ ਪਿੰਡ ਦਾ ਨਾਂ ਸਰਨੇਮ ਦੇ ਰੂਪ ’ਚ ਜੋੜ ਲਿਆ।

ਸੁਖਪਾਲ ਸੁੱਖ ਨੇ ਬਦਲੀ ਦਿਲਜੀਤ ਦੀ ਲੁੱਕ
ਦਿਲਜੀਤ ਦੋਸਾਂਝ ਦੀ ਲੁੱਕ ਬਦਲਣ ’ਚ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਸੁਖਪਾਲ ਸੁੱਖ ਦਾ ਵੱਡਾ ਯੋਗਦਾਨ ਹੈ। ਸੁਖਪਾਲ ਸੁੱਖ ਨੇ ‘ਇਸ਼ਕ ਦਾ ਉੜਾ ਐੜਾ’ ਤੋਂ ਬਾਅਦ ਦਿਲਜੀਤ ਨਾਲ ਦੋ ਐਲਬਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਦਿਲ’, ਜੋ 2004 ’ਚ ਰਿਲੀਜ਼ ਹੋਈ ਤੇ ਦੂਜੀ ‘ਸਮਾਈਲ’, ਜੋ 2005 ’ਚ ਰਿਲੀਜ਼ ਕੀਤੀ ਗਈ। ਇਨ੍ਹਾਂ ਐਲਬਮਾਂ ਰਾਹੀਂ ਦਿਲਜੀਤ ਨੂੰ ਸ਼ੋਹਰਤ ਮਿਲਣੀ ਸ਼ੁਰੂ ਹੋ ਗਈ। ਵਿਆਹਾਂ, ਡੀ. ਜੇ. ਪਾਰਟੀਆਂ ਤੋਂ ਇਲਾਵਾ ਯੂ. ਕੇ., ਅਮਰੀਕਾ ਤੇ ਕੈਨੇਡਾ ’ਚ ਲਾਈਵ ਪੇਸ਼ਕਾਰੀ ਦੇ ਆਫਰਜ਼ ਆਉਣ ਲੱਗੇ।

ਪੰਜਾਬੀ ਫ਼ਿਲਮਾਂ ਵੱਲ ਦਿਲਜੀਤ ਦਾ ਰੁਖ਼
ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ। ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।

‘ਉੜਤਾ ਪੰਜਾਬ’ ਨਾਲ ਮਾਰੀ ਬਾਲੀਵੁੱਡ ’ਚ ਉਡਾਰੀ
ਦਿਲਜੀਤ ਦੋਸਾਂਝ ਨੇ ਪੰਜਾਬੀ ਫ਼ਿਲਮਾਂ ਤੋਂ ਬਾਅਦ ਸਾਲ 2016 ’ਚ ਆਈ ਹਿੰਦੀ ਫ਼ਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ’ਚ ਉਡਾਰੀ ਮਾਰੀ। ਦਿਲਜੀਤ ਦੀ ਬਾਲੀਵੁੱਡ ’ਚ ਵੀ ਖੂਬ ਚਰਚਾ ਹੋਣ ਲੱਗੀ। ਦਿਲਜੀਤ ਨੇ ਸਰਦਾਰਾਂ ਦੀ ਇਮੇਜ ਨੂੰ ਬਾਲੀਵੁੱਡ ’ਚ ਜਾ ਕੇ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ‘ਉੜਤਾ ਪੰਜਾਬ’ ’ਚ ਆਪਣੇ ਕਿਰਦਾਰ ਕਰਕੇ ਦਿਲਜੀਤ ਨੂੰ ਬੈਸਟ ਮੇਲ ਡੈਬਿਊ ਦਾ ਫ਼ਿਲਮਫੇਅਰ ਐਵਾਰਡ ਵੀ ਮਿਲ ਚੁੱਕਾ ਹੈ।

ਅੱਜ ਆਪਣੇ 20 ਸਾਲਾਂ ਦੇ ਗਾਇਕੀ ਤੇ ਫ਼ਿਲਮੀ ਕਰੀਅਰ ’ਚ ਦਿਲਜੀਤ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਪੌੜੀ-ਪੌੜੀ ਚੜ੍ਹ ਕੇ ਹੀ ਪਾਇਆ ਹੈ। ਦਿਲਜੀਤ ਅਕਸਰ ਇਹ ਸ਼ਬਦ ਕਹਿੰਦੇ ਹਨ, ‘ਜਿੰਨੇ ਸਵਰਗ ਲੈਣਾ, ਉਸ ਨੂੰ ਮਰਨਾ ਵੀ ਪੈਂਦਾ ਹੈ’। ਭਾਵ ਜੇ ਕੁਝ ਬਣਨਾ ਹੈ ਤਾਂ ਉਸ ਲਈ ਮਿਹਨਤ ਵੀ ਕਰਨੀ ਪਵੇਗੀ। ਇਹ ਨਹੀਂ ਕਿ ਮਿਹਨਤ ਕੋਈ ਹੋਰ ਕਰੇ ਤੇ ਫਲ ਤੁਹਾਨੂੰ ਮਿਲੇ।

Add a Comment

Your email address will not be published. Required fields are marked *