ਮੈਕਸੀਕੋ : ਉਡਾਣ ਭਰ ਰਹੇ ਹਵਾਈ ਜਹਾਜ਼ ‘ਤੇ ਲੱਗੀ ਗੋਲੀ, ਯਾਤਰੀਆਂ ਦੇ ਛੁੱਟੇ ਪਸੀਨੇ

ਮੈਕਸੀਕੋ ਸਿਟੀ : ਮੈਕਸੀਕੋ ਵਿਖੇ ਬਦਨਾਮ ਡਰੱਗ ਮਾਲਕ ਐਲ ਚਾਪੋ ਦੇ ਪੁੱਤਰ ਅਤੇ ਸਿਨਾਲੋਆ ਕਾਰਟੇਲ ਦੇ ਇੱਕ ਸੀਨੀਅਰ ਮੈਂਬਰ ਓਵੀਡੀਓ ਗੁਜ਼ਮੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉੱਤਰੀ ਸ਼ਹਿਰ ਕੁਲਿਆਕਨ ਵਿੱਚ ਵੀਰਵਾਰ ਨੂੰ ਅਜਿਹੀ ਹਿੰਸਾ ਭੜਕੀ ਕਿ ਇਕ ਗੋਲੀ ਰਨਵੇਅ ‘ਤੇ ਦੌੜ ਰਹੇ ਜਹਾਜ਼ ਵਿਚ ਜਾ ਲੱਗੀ। ਗੋਲੀ ਲੱਗਣ ਤੋਂ ਬਾਅਦ ਲਗਾਤਾਰ ਗੋਲੀਆਂ ਦੀ ਆਵਾਜ਼ ਨੇ ਸਾਰੇ ਯਾਤਰੀਆਂ ਦੀ ਚਿੰਤਾ ਵਧਾ ਦਿੱਤੀ। ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਡਰੱਗ ਮਾਫੀਆ ਦੇ ਦੇਸ਼ ਮੈਕਸੀਕੋ ਵਿਚ ਬਦਨਾਮ ਡਰੱਗ ਮਾਲਕ ਐਲ ਚਾਪੋ ਦੇ ਬੇਟੇ ਦੀ ਗ੍ਰਿਫ਼ਤਾਰੀ ਨਾਲ ਕੁਲਿਆਕਨ ਸ਼ਹਿਰ ਵਿਚ ਹਿੰਸਾ ਦਾ ਦੌਰ ਸ਼ੁਰੂ ਹੋ ਗਿਆ। ਇਸ ਹਿੰਸਾ ਦੀ ਲਪੇਟ ਵਿਚ ਆਏ ਇਕ ਜਹਾਜ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ਬਣਾਉਣ ਵਾਲਾ 42 ਸਾਲਾ ਟੈਲੇਜ਼ ਆਪਣੀ ਪਤਨੀ ਅਤੇ ਬੱਚਿਆਂ, ਜਿਨ੍ਹਾਂ ਦੀ ਉਮਰ 7, 4 ਅਤੇ 1 ਸਾਲ ਹੈ ਨਾਲ ਯਾਤਰਾ ਕਰ ਰਿਹਾ ਸੀ। ਉਸਨੇ ਰਾਇਟਰਜ਼ ਨੂੰ ਦੱਸਿਆ ਕਿ ਉਹ ਰਾਤ ਭਰ ਗੋਲੀਬਾਰੀ ਦੇ ਬਾਵਜੂਦ ਸਵੇਰੇ 8:24 ਵਜੇ ਫਲਾਈਟ ਲਈ ਹਵਾਈ ਅੱਡੇ ‘ਤੇ ਪਹੁੰਚ ਗਿਆ ਸੀ।ਟੈਲੇਜ਼ ਨੇ ਦੱਸਿਆ ਕਿ ਗੈਂਗ ਦੇ ਮੈਂਬਰਾਂ ਦੇ ਏਅਰਪੋਰਟ ‘ਤੇ ਹੋਣ ਦੀ ਗੱਲ ਸੁਣ ਕੇ ਉਹ ਆਪਣੇ ਪਰਿਵਾਰ ਨਾਲ ਬਾਥਰੂਮ ‘ਚ ਲੁਕ ਗਿਆ। ਹਾਲਾਂਕਿ ਇਹ ਅਫਵਾਹ ਝੂਠੀ ਨਿਕਲੀ ਅਤੇ ਏਅਰੋ ਮੈਕਸੀਕੋ ਦੇ ਯਾਤਰੀ ਜਲਦੀ ਹੀ ਆਪਣੇ ਜਹਾਜ਼ਾਂ ਵਿੱਚ ਸਵਾਰ ਹੋ ਗਏ।

ਇਸ ਦੌਰਾਨ ਉਸ ਨੇ ਆਪਣੇ ਫੋਨ ਤੋਂ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਜਹਾਜ਼ ਤੋਂ ਹਵਾਈ ਸੈਨਾ ਦੇ ਦੋ ਵੱਡੇ ਟਰਾਂਸਪੋਰਟ ਏਅਰਕਰਾਫਟ, ਛੋਟੇ, ਲੜਾਕੂ ਜਹਾਜ਼ ਵਰਗੇ ਹਮਲਾਵਰ ਜਹਾਜ਼ ਅਤੇ ਮਿਲਟਰੀ ਟਰੱਕ ਦੀ ਰਿਕਾਰਡਿੰਗ ਕਰ ਰਿਹਾ ਸੀ। ਫਿਰ ਦੂਰੋਂ ਗੋਲੀਆਂ ਚੱਲਣ ਦੀ ਆਵਾਜ਼ ਗੂੰਜਣ ਲੱਗੀ। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਵੀਡੀਓ ਉਸੇ ਘਟਨਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਯਾਤਰੀਆਂ ਨੂੰ ਇੱਕ ਬੱਚੇ ਦੇ ਰੋਣ ਦੌਰਾਨ ਆਪਣੀਆਂ ਸੀਟਾਂ ‘ਤੇ ਝੁਕਦੇ ਹੋਏ ਦਿਖਾਇਆ ਗਿਆ ਹੈ।ਇਕ ਫਲਾਈਟ ਅਟੈਂਡੈਂਟ ਨੇ ਦੱਸਿਆ ਕਿ ਗੋਲੀ ਇੰਜਣ ‘ਚ ਲੱਗੀ ਸੀ, ਜਿਸ ਕਾਰਨ ਲੀਕੇਜ ਹੋਣ ਲੱਗੀ। ਚਾਲਕ ਦਲ ਨੇ ਯਾਤਰੀਆਂ ਨੂੰ ਉਤਰਨ ਲਈ ਕਿਹਾ। ਉਹਨਾਂ ਨੂੰ ਹਵਾਈ ਅੱਡੇ ਦੇ ਇੱਕ ਖਿੜਕੀ ਰਹਿਤ ਉਡੀਕ ਕਮਰੇ ਵਿੱਚ ਲਿਜਾਇਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਕਿਸ ਨੇ ਕਿਸ ‘ਤੇ ਗੋਲੀਬਾਰੀ ਕੀਤੀ ਸੀ।

Add a Comment

Your email address will not be published. Required fields are marked *