ਬਾਈਡੇਨ ਨੇ ਬੇਨੇਡਿਕਟ 16ਵੇਂ ਨੂੰ ਵੈਟੀਕਨ ਦੂਤਘਰ ਵਿਖੇ ਦਿੱਤੀ ਸ਼ਰਧਾਂਜਲੀ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਪੋਪ ਐਮੇਰੀਟਸ (ਸੇਵਾਮੁਕਤ) ਬੇਨੇਡਿਕਟ 16ਵੇਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੇਨੇਡਿਕਟ ਨੂੰ ਜੌਨ ਪਾਲ ਦੀ ਮੌਤ ਤੋਂ ਬਾਅਦ 2005 ਵਿੱਚ ਪੋਪ ਚੁਣਿਆ ਗਿਆ ਸੀ ਅਤੇ 6 ਸਦੀਆਂ ਵਿੱਚ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਕੈਥੋਲਿਕ ਪਾਦਰੀ ਸਨ। ਉਨ੍ਹਾਂ ਨੇ 2013 ਵਿੱਚ ਇਹ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਬਾਈਡੇਨ ਇੱਥੇ ਵੈਟੀਕਨ ਦੂਤਘਰ ਪਹੁੰਚੇ ਅਤੇ ਉੱਥੇ ਬੇਨੇਡਿਕਟ ਦੇ ਦੇਹਾਂਤ ਨਾਲ ਸਬੰਧਤ ਸ਼ੋਕ ਕਿਤਾਬ ‘ਤੇ ਦਸਤਖ਼ਤ ਕੀਤੇ। ਇਸ ਦੂਤਘਰ ਨੂੰ ਰਸਮੀ ਤੌਰ ‘ਤੇ ‘ਅਪੋਸਟੋਲਿਕ ਨਨਸੀਏਚਰ ਆਫ਼ ਦਿ ਹੋਲੀ ਸੀ’ ਕਿਹਾ ਜਾਂਦਾ ਹੈ। ਬਾਈਡੇਨ ਨੇ ਸ਼ੋਕ ਸੰਦੇਸ਼ ਲਿਖਣ ਤੋਂ ਬਾਅਦ ਕਿਹਾ, “ਇਹ ਬਹੁਤ ਸਨਮਾਨ ਦੀ ਗੱਲ ਹੈ।”

ਇੱਕ ਸ਼ੋਕ ਕਿਤਾਬ ਇੱਕ ਮੇਜ਼ ਉੱਤੇ ਪਈ ਸੀ ਅਤੇ ਉਸਦੇ ਪਿੱਛੇ ਬੇਨੇਡਿਕਟ 16ਵੇਂ ਦੀ ਇੱਕ ਤਸਵੀਰ ਰੱਖੀ ਹੋਈ ਸੀ। ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੇਨੇਡਿਕਟ ਇੱਕ “ਸ਼ਾਨਦਾਰ ਵਿਅਕਤੀ” ਸਨ ਅਤੇ ਉਨ੍ਹਾਂ ਨੇ ਪੋਪ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, “ਮੈਨੂੰ ਉਹ ਸ਼ਾਂਤ ਅਤੇ ਤਰਕਪੂਰਨ ਲੱਗੇ। ਮੈਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਮੈਨੂੰ ਉਹ ਸ਼ਾਨਦਾਰ ਲੱਗੇ।” ਬਾਈਡੇਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਬੇਨੇਡਿਕਟ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਬਾਰੇ ਸੋਚਿਆ ਸੀ ਪਰ ਇਸ ਨਤੀਜੇ ‘ਤੇ ਪਹੁੰਚੇ ਕਿ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਸੁਰੱਖਿਆ ਅਧਿਕਾਰੀ, ਵ੍ਹਾਈਟ ਹਾਊਸ ਦੇ ਸਹਿਯੋਗੀ, ਹੋਰ ਅਧਿਕਾਰੀ ਅਤੇ ਪੱਤਰਕਾਰ ਵੀ ਹੋਣਗੇ ਅਤੇ ਇਸ ਨਾਲ ਉੱਥੇ ਬਹੁਤ ਅਸੁਵਿਧਾ ਹੋ ਸਕਦੀ ਸੀ। ਪੋਪ ਐਮੇਰੀਟਸ (ਸੇਵਾਮੁਕਤ) ਬੇਨੇਡਿਕਟ 16ਵੇਂ ਦੀ ਮ੍ਰਿਤਕ ਦੇਹ ਨੂੰ ਸੇਂਟ ਪੀਟਰਜ਼ ਬੇਸੇਲਿਕਾ ਦੀ ਮੁੱਖ ਮੰਜ਼ਿਲ ਦੇ ਹੇਠਾਂ ਇੱਕ ਮਕਬਰੇ ਵਿੱਚ ਦਫ਼ਨਾਇਆ ਗਿਆ ਹੈ।

Add a Comment

Your email address will not be published. Required fields are marked *