ਵਾਲਮਾਰਟ ਨੂੰ ਝਟਕਾ, ਭਾਰਤ ‘ਚ ਚੁਕਾਉਣਾ ਹੋਵੇਗਾ 83 ਅਰਬ ਰੁਪਏ ਦਾ ਟੈਕਸ

ਨਵੀਂ ਦਿੱਲੀ– ਫੋਨਪੇ ਦਾ ਹੈੱਡਕੁਆਰਟਰ ਸਿੰਗਾਪੁਰ ਤੋਂ ਭਾਰਤ ਲਿਆਉਣ ਦੀ ਵਜ੍ਹਾ ਕਾਰਨ ਵਾਲਮਾਰਟ ਅਤੇ ਡਿਜੀਟਲ ਭੁਗਤਾਨ ਕੰਪਨੀ ਦੇ ਸਾਰੇ ਸ਼ੇਅਰਧਾਰਕਾਂ ਨੂੰ ਲਗਭਗ ਇੱਕ ਅਰਬ ਡਾਲਰ (83 ਅਰਬ ਰੁਪਏ) ਦਾ ਟੈਕਸ ਭਰਨਾ ਹੋਵੇਗਾ। ਸੂਤਰਾਂ ਮੁਤਾਬਕ ਫੋਨਪੇ ਦੇ ਭਾਰਤ ‘ਚ ਤਬਦੀਲ ਹੋਣ ਅਤੇ ਉਸ ਦੇ ਮੁੱਲਾਂਕਣ ‘ਚ ਵਾਧੇ ਕਾਰਨ ਇਹ ਟੈਕਸ ਦੇਣਦਾਰੀ ਬਣ ਗਈ ਹੈ। ਫੋਨਪੇ ‘ਚ ਵਾਲਮਾਰਟ ਦੀ ਸਭ ਤੋਂ ਜ਼ਿਆਦਾ ਹਿੱਸੇਦਾਰੀ ਹੈ, ਜੋ ਕਿ ਉਸ ਦੇ ਕੋਲ ਮੂਲ ਕੰਪਨੀ ਫਲਿੱਪਕਾਰਟ ਦੀ ਖਰੀਦਾਰੀ ਤੋਂ ਬਾਅਦ ਆਈ। ਫੋਨਪੇ ਹਾਲ ਹੀ ‘ਚ ਫਲਿੱਪਕਾਰਟ ਤੋਂ ਵੱਖ ਹੋਈ ਹੈ। ਮਾਮਲੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਫੋਨਪੇ ਪ੍ਰੀ-ਮਨੀ ਮੁੱਲਾਂਕਣ (ਵੈਲਿਊਏਸ਼ਨ) ਦੇ ਆਧਾਰ ‘ਤੇ ਜਨਰਲ ਅਟਲਾਂਟਿਕ, ਕਤਰ ਇਨਵੈਸਟਮੈਂਟ ਅਥਾਰਟੀ ਅਤੇ ਹੋਰ ਨਿਵੇਸ਼ਕਾਂ ਤੋਂ 12 ਅਰਬ ਡਾਲਰ ਦੀ ਪੂੰਜੀ ਜੁਟਾ ਰਹੀ ਹੈ। ਇਸ ਕਾਰਨ ਭਾਰੀ ਫੀਸ ਲੱਗ ਰਹੀ ਹੈ।
ਕਈ ਨਿਵੇਸ਼ਕ ਖਰੀਦ ਚੁੱਕੇ ਹਨ ਸ਼ੇਅਰ
ਵੱਖ-ਵੱਖ ਰਿਪੋਰਟਾਂ ਦੇ ਅਨੁਸਾਰ, ਫੋਨਪੇ ਦਾ ਦਸੰਬਰ, 2020 ‘ਚ ਆਖਰੀ ਵਾਰ ਮੁਲਾਂਕਣ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਦਾ ਮੁਲਾਂਕਣ ਲਗਭਗ 5.5 ਅਰਬ ਡਾਲਰ ਸੀ। ਹੁਣ ਅਮਰੀਕੀ ਨਿਵੇਸ਼ ਫਰਮ ਟਾਈਗਰ ਗਲੋਬਲ ਮੈਨੇਜਮੈਂਟ ਸਮੇਤ ਕਈ ਨਿਵੇਸ਼ਕ ਭਾਰਤ ‘ਚ ਨਵੀਂ ਕੀਮਤ ‘ਤੇ ਫੋਨਪੇ ਦੇ ਸ਼ੇਅਰ ਖਰੀਦ ਚੁੱਕੇ ਹਨ। ਇਸ ਕਾਰਨ ਕੰਪਨੀ ‘ਤੇ ਇਹ ਦੇਣਦਾਰੀ ਬਣ ਰਹੀ ਹੈ। ਅਮਰੀਕੀ ਈ-ਕਾਮਰਸ ਕੰਪਨੀ ਵਾਲਮਾਰਟ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਫਲਿੱਪਕਾਰਟ ਦੇ ਨਾਲ ਫੋਨਪੇ ਦੀ ਸਾਂਝੇਦਾਰੀ ਖਤਮ ਕਰੇਗੀ। ਨਾਲ ਹੀ ਕਿਹਾ ਕਿ ਉਹ ਦੋਵਾਂ ਕੰਪਨੀਆਂ ‘ਚ ਬਹੁਮਤ ਹਿੱਸੇਦਾਰੀ ਬਰਕਰਾਰ ਰੱਖੇਗੀ।
ਨਾਜ਼ੁਕ ਪਲ ‘ਤੇ ਹਲਚਲ
ਫਿਨਟੇਕ ਕੰਪਨੀ ਦੇ ਅੰਦਰ ਇਹ ਹਲਚਲ ਅਜਿਹੇ ਨਾਜ਼ੁਕ ਸਮੇਂ ‘ਚ ਹੋ ਰਹੀ ਹੈ, ਜਦੋਂ ਵਿੱਤੀ ਸਥਿਰਤਾ ਦੇ ਕਾਰਨ ਦੁਨੀਆ ਭਰ ਦੀਆਂ ਸਟਾਰਟਅੱਪ ਕੰਪਨੀਆਂ ਨੂੰ ਪੂੰਜੀ ਜੁਟਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਫੋਨਪੇ ਦੇ ਭਾਰਤ ‘ਚ ਸੂਚੀਬੱਧ ਹੋਣ ਦੀ ਵੀ ਉਮੀਦ ਹੈ।
2019 ‘ਚ ਸ਼ੁਰੂ ਹੋਈ ਸੀ ਫਲਿੱਪਕਾਰਟ ਤੋਂ ਵੱਖ ਹੋਣ ਦੀ ਪ੍ਰਕਿਰਿਆ
ਦਰਅਸਲ ਫਲਿੱਪਕਾਰਟ ਨੇ 2016 ‘ਚ ਫੋਨਪੇ ਨੂੰ ਖਰੀਦਿਆ ਸੀ। ਹਾਲਾਂਕਿ ਹੁਣ ਦੋਵਾਂ ਕੰਪਨੀਆਂ ਦੇ ਰਸਤੇ ਵੱਖ ਹੋ ਗਏ ਹਨ। ਪਰ ਦੋਵਾਂ ਦੀ ਮੂਲ ਕੰਪਨੀ ਹੁਣ ਵੀ ਵਾਲਮਾਰਟ ਹੀ ਹੈ। ਫੋਨਪੇ ਅਤੇ ਫਲਿੱਪਕਾਰਟ ਨੂੰ ਵੱਖ ਕਰਨ ਦੀ ਪ੍ਰਕਿਰਿਆ 2019 ‘ਚ ਸ਼ੁਰੂ ਹੋਈ ਸੀ। ਹੁਣ ਫਿਨਟੇਕ ਕੰਪਨੀ ਪੂਰੀ ਤਰ੍ਹਾਂ ਭਾਰਤੀ ਬਣ ਚੁੱਕੀ ਹੈ। ਹੁਣ ਇਹ ਜ਼ਿਆਦਾ ਮੁਲਾਂਕਣ ‘ਤੇ ਪੂੰਜੀ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Add a Comment

Your email address will not be published. Required fields are marked *