ਆਲੀਆ ਨੂੰ ਪਿਆਰ ਨਾਲ ‘ਅੰਮਾ ਭੱਟ ਕਪੂਰ’ ਕਹਿੰਦੇ ਸ਼ਾਹਰੁਖ ਖਾਨ

ਮੁੰਬਈ:ਅਦਾਕਾਰ ਸ਼ਾਹਰੁਖ ਖ਼ਾਨ ਨੇ ਆਖਿਆ ਕਿ ਉਹ ਅਦਾਕਾਰਾ ਆਲੀਆ ਭੱਟ ਨੂੰ ਪਿਆਰ ਨਾਲ ‘ਅੰਮਾ ਭੱਟ ਕਪੂਰ’ ਕਹਿ ਕੇ ਬੁਲਾਉਂਦਾ ਹੈ। ਇਸ ਤੋਂ ਪਹਿਲਾਂ ਆਲੀਆ ਨੇ ਆਖਿਆ ਸੀ ਕਿ ਫਿਲਮ ‘ਪਠਾਣ’ ਦੀ ਰਿਲੀਜ਼ ਮਗਰੋਂ ਉਹ ਸ਼ਾਹਰੁਖ ਨੂੰ ਪਠਾਣ ਕਿਹਾ ਕਰੇਗੀ। ਸ਼ਾਹਰੁਖ ਖ਼ਾਨ ਨੇ ਇਹ ਖੁਲਾਸਾ ਅੱਜ ਆਪਣੇ ਪ੍ਰਸ਼ੰਸਕਾਂ ਲਈ ਟਵਿੱਟਰ ’ਤੇ ਚਲਾਏ ਜਾਂਦੇ ‘ਆਸਕ ਐੱਸਆਰਕੇ’ ਸੈਸ਼ਨ ਦੌਰਾਨ ਕੀਤਾ। ਆਲੀਆ ਨੇ ਵੀ ਇਸ ਸੈਸ਼ਨ ਵਿੱਚ ਭਾਗ ਲਿਆ। ਦੋਵੇਂ ਅਦਾਕਾਰਾਂ ਨੇ ਇੱਕ-ਦੂਜੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੱਤਾ। ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਪੁੱਛਿਆ, ‘ਆਲੀਆ ਤੁਹਾਨੂੰ ਸਿਰਫ਼ ਐੱਸਆਰ ਕਹਿ ਕੇ ਕਿਉਂ ਬੁਲਾਉਂਦੀ ਹੈ?’ ਇਸ ਦੇ ਜਵਾਬ ਵਿੱਚ ਸ਼ਾਹਰੁਖ ਨੇ ਪੁੱਛਿਆ, ‘ਐੱਸਆਰ ਦਾ ਮਤਲਬ ਕੀ ਹੋ ਸਕਦਾ ਹੈ?’ ਇਸ ਦਾ ਜਵਾਬ ਦਿੰਦਿਆਂ ਉਸ ਨੇ ਕਿਹਾ, ‘ਇਸ ਦਾ ਮਤਲਬ ਸਵੀਟ ਤੇ ਰੁਮਾਂਟਿਕ ਹੋ ਸਕਦਾ ਹੈ ਜਾਂ ਸੀਨੀਅਰ ਤੇ ਰਿਸਪੈਕਟਫੁੱਲ ਜਾਂ ਫਿਰ ਸਿਰਫ਼ ਸ਼ਾਹਰੁਖ ਵੀ ਹੋ ਸਕਦਾ ਹੈ।’ ਇਸ ਦਾ ਜਵਾਬ ਦਿੰਦਿਆਂ ਆਲੀਆ ਨੇ ਕਿਹਾ, ‘ਜ਼ਿਆਦਾਤਰ ਸਵੀਟ ਤੇ ਰਿਸਪੈਕਟਿਡ ਹੈ… ਪਰ 25 ਜਨਵਰੀ ਤੋਂ ਬਾਅਦ ਮੈਂ ਤੁਹਾਨੂੰ ਪਠਾਣ ਕਹਿਣਾ ਸ਼ੁਰੂ ਕਰ ਦਿਆਂਗੀ… ਦੇਖੋ ਮੈਂ ਕਿੰਨੀ ਰਚਨਾਤਮਕ ਹਾਂ… ਹੈ ਨਾ।’ ਆਲੀਆ ਦੀ ਇਸ ਪ੍ਰਤੀਕਿਰਿਆ ਦੇ ਜਵਾਬ ਵਿੱਚ ਸ਼ਾਹਰੁਖ ਨੇ ਆਲੀਆ ਦੀ ਨਿੱਕੀ ਧੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਅੱਜ ਤੋਂ ਮੈਂ ਤੁਹਾਨੂੰ ‘ਅੰਮਾ ਭੱਟ ਕਪੂਰ’ ਕਿਹਾ ਕਰਾਂਗਾ।’

Add a Comment

Your email address will not be published. Required fields are marked *