ਹਵਾਈ ਅੱਡਾ ਪ੍ਰਸ਼ਾਸਨ ਨੇ ਸਤੀਸ਼ ਸ਼ਾਹ ਕੋਲੋਂ ਮੰਗੀ ਮੁਆਫ਼ੀ

ਮੁੰਬਈ– ਅਦਾਕਾਰ ਸਤੀਸ਼ ਸ਼ਾਹ ਨੇ ਕਿਹਾ ਹੈ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਇਕ ਕਰਮਚਾਰੀ ਨੇ ਉਨ੍ਹਾਂ ’ਤੇ ਨਸਲੀ ਟਿੱਪਣੀ ਕੀਤੀ। ‘ਸਾਰਾਭਾਈ ਵਰਸਿਜ਼ ਸਾਰਾਭਾਈ’ ਦੇ ਅਦਾਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਉਨ੍ਹਾਂ ਦੇ ਸਹਿਯੋਗੀ ਨਾਲ ਹੈਰਾਨੀ ਪ੍ਰਗਟਾਉਂਦਿਆਂ ਪੁੱਛਿਆ ਕਿ ਸ਼ਾਹ ਪਹਿਲੀ ਸ਼੍ਰੇਣੀ ਦੀ ਯਾਤਰਾ ਦਾ ਖਰਚ ਕਿਵੇਂ ਉਠਾ ਸਕਦੇ ਹਨ।

ਸ਼ਾਹ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘‘ਮੈਂ ਹੀਥਰੋ ਦੇ ਕਰਮਚਾਰੀਆਂ ਨੂੰ ਹੈਰਾਨੀ ਨਾਲ ਆਪਣੇ ਸਾਥੀ ਕੋਲੋਂ ਪੁੱਛਦਿਆਂ ਸੁਣਿਆ ਕਿ ਉਹ ਪਹਿਲੀ ਸ਼੍ਰੇਣੀ ਦਾ ਖਰਚ ਕਿਵੇਂ ਉਠਾ ਸਕਦੇ ਹਨ? ਮੈਂ ਇਕ ਮਾਣ ਭਰੀ ਮੁਸਕਾਨ ਦੇ ਨਾਲ ਜਵਾਬ ਦਿੱਤਾ ਕਿਉਂਕਿ ਅਸੀਂ ਭਾਰਤੀ ਹਾਂ।’’

ਅਦਾਕਾਰ ਦੇ ਅਪ੍ਰਮਾਣਿਤ ਹੈਂਡਲ ’ਤੇ ਕੀਤਾ ਗਿਆ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਤੇ ਇਸ ਨੂੰ ਹਜ਼ਾਰਾਂ ਲਾਈਕਸ ਰੀ-ਟਵੀਟਸ ਮਿਲੇ। ਇਸ ਪੇਜ ਦੇ 45,000 ਤੋਂ ਵੱਧ ਫਾਲੋਅਰਜ਼ ਹਨ।

ਸਭ ਤੋਂ ਵੱਧ ਭੀੜ ਵਾਲੇ ਕੌਮਾਂਤਰੀ ਹਵਾਈ ਅੱਡਿਆਂ ’ਚ ਸ਼ਾਮਲ ਲੰਡਨ ਦੇ ਹੀਥਰੋ ਹਵਾਈ ਅੱਡਾ ਪ੍ਰਸ਼ਾਸਨ ਨੇ ਟਵਿਟਰ ’ਤੇ ਸ਼ਾਹ ਕੋਲੋਂ ਮੁਆਫ਼ੀ ਮੰਗੀ ਤੇ ਉਨ੍ਹਾਂ ਨੂੰ ਘਟਨਾ ਬਾਰੇ ਵੇਰਵਾ ਸਾਂਝਾ ਕਰਨ ਲਈ ਕਿਹਾ। ਟਵੀਟ ’ਚ ਕਿਹਾ ਗਿਆ, ‘‘ਗੁੱਡ ਮਾਰਨਿੰਗ, ਸਾਨੂੰ ਇਸ ਬਾਰੇ ਜਾਣ ਕੇ ਦੁੱਖ ਹੋਇਆ। ਕੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ?’’ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਸ਼ਾਹ ਦੇ ਜਵਾਬ ਦੀ ਸ਼ਲਾਘਾ ਕੀਤੀ।

Add a Comment

Your email address will not be published. Required fields are marked *