ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਦੇ ਹਸਪਤਾਲ ‘ਚ ਕੀਤਾ ਸ਼ਿਫਟ, ਹੁਣ ਹੋਵੇਗਾ ਵੱਡਾ ਆਪਰੇਸ਼ਨ

ਮੁੰਬਈ : ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਹਰਾਦੂਨ ਦੇ ਹਸਪਤਾਲ ਤੋਂ ਮੁੰਬਈ ਦੇ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਥੇ ਹੀ ਰਿਸ਼ਭ ਦੇ ਗੋਡੇ ਤੇ ਗਿੱਟੇ ਦੀਆਂ ਸੱਟਾਂ ਦਾ ਇਲਾਜ ਕੀਤਾ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਿਸ਼ਭ ਦੇ ਗੋਡਿਆਂ ਦੀ ਸਰਜਰੀ ਵੀ ਹੋ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਰਿਸ਼ਭ ਪੰਤ ਨੂੰ ਉਸ ਦੇ ਲਿਗਾਮੈਂਟ ਦੀ ਸੱਟ ਦੇ ਇਲਾਜ ਲਈ ਮੁੰਬਈ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਤੇ ਉੱਥੇ ਅਗਲੇ ਇਲਾਜ ਦਾ ਫ਼ੈਸਲਾ ਕੀਤਾ ਜਾਵੇਗਾ। 

ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀ. ਡੀ. ਸੀ. ਏ) ਦੇ ਪ੍ਰਧਾਨ ਸ਼ਿਆਮ ਸ਼ਰਮਾ ਮੁਤਾਬਕ, ਕ੍ਰਿਕਟਰ ਰਿਸ਼ਭ ਪੰਤ ਨੂੰ ਅਗਲੇ ਇਲਾਜ ਲਈ ਮੁੰਬਈ ਸ਼ਿਫਟ ਕੀਤਾ ਗਿਆ ਹੈ। ਰਿਸ਼ਭ ਨੂੰ ਮਿਲਣ ਲਈ ਉਹ ਬੀਤੇ ਦਿਨ ਦੇਹਰਾਦੂਨ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਮੈਕਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਲਿਗਾਮੈਂਟ ਦੇ ਇਲਾਜ ਲਈ ਮੁੰਬਈ ਲਿਜਾਇਆ ਗਿਆ ਹੈ। ਅਸਲ ‘ਚ ਲਿਗਾਮੈਂਟ ਇੱਕ ਕਿਸਮ ਦਾ ਫਾਈਬਰ ਹੈ, ਜੋ ਹੱਡੀਆਂ ਨੂੰ ਜੋੜਨ ਦਾ ਕੰਮ ਕਰਦਾ ਹੈ। ਜੇਕਰ ਸੱਟ ਡੂੰਘੀ ਹੋਵੇ ਤਾਂ ਠੀਕ ਹੋਣ ‘ਚ ਸਮਾਂ ਲੱਗਦਾ ਹੈ। ਫਿਲਹਾਲ ਡੀ. ਡੀ. ਸੀ. ਏ. ਅਤੇ ਬੀ. ਸੀ. ਸੀ. ਆਈ. ਰਿਸ਼ਭ ਪੰਤ ਦੀ ਸੱਟ ਦੀ ਗੰਭੀਰਤਾ ‘ਤੇ ਨਜ਼ਰ ਰੱਖ ਰਹੇ ਹਨ।

ਦੱਸ ਦੇਈਏ ਰਿਸ਼ਭ ਪੰਤ ਦੀ ਕਾਰ 30 ਦਸੰਬਰ, 2022 ਨੂੰ ਸਵੇਰੇ 5 ਵਜੇ ਦੇ ਕਰੀਬ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੌਰਾਨ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਉਸ ‘ਚ ਅੱਗ ਲੱਗ ਗਈ। ਉੱਤਰਾਖੰਡ ਸੂਬੇ ਦੇ ਹਰਿਦੁਆਰ ਜ਼ਿਲ੍ਹੇ ‘ਚ ਮੰਗਲੌਰ ਅਤੇ ਨਰਸਨ ਵਿਚਕਾਰ ਇਹ ਭਿਆਨਕ ਕਾਰ ਹਾਦਸਾ ਵਾਪਰਿਆ।

Add a Comment

Your email address will not be published. Required fields are marked *