ਦਰਸ਼ਨ ਸਿੰਘ ਨੂੰ 2021 ‘ਚ ਦਿੱਲੀ ਹਵਾਈਅੱਡੇ ਤੋਂ ਭੇਜਿਆ ਸੀ ਵਾਪਸ, ਹੁਣ ਕੇਂਦਰ ਦੇਣ ਜਾ ਰਿਹੈ ਵੱਡਾ ਸਨਮਾਨ

ਪਟਿਆਲਾ- ਪਟਿਆਲਾ ਦੇ ਰਹਿਣ ਵਾਲੇ ਅਤੇ ਅਮਰੀਕਾ ਦੇ ਚੋਟੀ ਦੇ ਕਾਰੋਬਾਰੀਆਂ ‘ਚੋਂ ਇਕ ਦਰਸ਼ਨ ਸਿੰਘ ਧਾਲੀਵਾਲ ਨੂੰ ਇੰਦੌਰ ‘ਚ 8 ਤੋਂ 10 ਜਨਵਰੀ ਤੱਕ ਹੋਣ ਵਾਲੇ ਪ੍ਰਵਾਸੀ ਭਾਰਤੀ ਸੰਮੇਲਨ ‘ਚ ਕੇਂਦਰ ਸਰਕਾਰ ਪ੍ਰਵਾਸੀ ਭਾਰਤੀ ਸਨਮਾਨ ਦੇਣ ਜਾ ਰਹੀ ਹੈ। ਕੇਂਦਰ ਸਰਕਾਰ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਵਸਦੇ 27 ਪ੍ਰਵਾਸੀ ਭਾਰਤੀਆਂ ਨੂੰ ਇਹ ਸਨਮਾਨ ਦੇਣ ਲਈ ਚੁਣਿਆ ਹੈ, ਜਿਨ੍ਹਾਂ ਨੇ ਵਿਦੇਸ਼ਾਂ ‘ਚ ਰਹਿੰਦਿਆਂ ਵੱਖ-ਵੱਖ ਵਰਗਾਂ ‘ਚ ਲੋਕ ਭਲਾਈ ਲਈ ਕੰਮ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। 

ਰਾਸ਼ਟਰਪਤੀ ਵਲੋਂ ਮਿਲੇਗਾ ਸਨਮਾਨ

ਐੱਨ.ਆਰ.ਆਈ. ਦਰਸ਼ਨ ਸਿੰਘ ਧਾਲੀਵਾਲ ਨੂੰ ਇਹ ਸਨਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇਣਗੇ। ਦੱਸ ਦੇਈਏ ਕਿ ਦਰਸ਼ਨ ਸਿੰਘ ਧਾਲੀਵਾਲ ਉਹ ਵਿਅਕਤੀ ਹਨ, ਜਿਨ੍ਹਾਂ ਨੂੰ ਅਕਤੂਬਰ 2021 ਦੀ ਰਾਤ ਨੂੰ ਦਿੱਲੀ ਏਅਰਪੋਰਟ ਤੋਂ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ‘ਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦਰਸ਼ਨ ਸਿੰਘ ਨੇ ਕਿਹਾ ਸੀ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਭਾਰਤ ‘ਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੈ।

ਏਅਰਪੋਰਟ ਤੋਂ ਭੇਜ ਦਿੱਤਾ ਗਿਆ ਸੀ ਵਾਪਸ

ਦਰਸ਼ਨ ਧਾਲੀਵਾਲ ਨੇ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ‘ਚ ਸਿੰਘੂ ਸਰਹੱਦ ‘ਤੇ ਕਿਸਾਨਾਂ ਲਈ ਲੰਗਰ ਚਲਵਾਇਆ। ਉਹ ਹਰ ਤੀਜੇ ਮਹੀਨੇ ਭਾਰਤ ਆ ਕੇ ਸਿੱਧਾ ਸਿੰਘੂ ਸਰਹੱਦ ‘ਤੇ ਪਹੁੰਚਦੇ ਸਨ। ਇਸ ਤੋਂ ਬਾਅਦ ਜਦੋਂ ਉਹ ਅਕਤੂਬਰ 2021 ਵਿਚ ਭਾਰਤ ਆਏ ਅਤੇ ਦਿੱਲੀ ਏਅਰਪੋਰਟ ‘ਤੇ ਉਨ੍ਹਾਂ ਦੀ ਫਲਾਈਟ ਲੈਂਡ ਹੋਈ ਤਾਂ ਉਨ੍ਹਾਂ ਨੂੰ ਪ੍ਰਵੇਸ਼ ਨਹੀਂ ਲੈਣ ਦਿੱਤਾ ਗਿਆ। ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਵੀ 5 ਘੰਟੇ ਇੰਤਜ਼ਾਰ ਕਰਵਾਇਆ ਗਿਆ ਅਤੇ ਦੇਰ ਰਾਤ ਉਨ੍ਹਾਂ ਨੂੰ 1.30 ਵਜੇ ਦੀ ਫਲਾਈਟ ਤੋਂ ਸ਼ਿਕਾਗੋ ਵਾਪਸ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦਸੰਬਰ 2021 ‘ਚ ਵੀ ਜਦੋਂ ਉਨ੍ਹਾਂ ਦੇ ਭਰਾ ਚਰਨਜੀਤ ਸਿੰਘ ਦੀ ਧੀ (ਉਨ੍ਹਾਂ ਦੀ ਭਤੀਜੀ) ਦਾ ਵਿਆਹ ਸੀ, ਉਦੋਂ ਵੀ ਉਨ੍ਹਾਂ ਨੂੰ ਭਾਰਤ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਹੁਣ ਉਹੀ ਦਰਸ਼ਨ ਸਿੰਘ ਧਾਲੀਵਾਲ ਨੂੰ ਕੇਂਦਰ ਸਰਕਾਰ ਪ੍ਰਵਾਸੀ ਭਾਰਤੀ ਸਨਮਾਨ ਦੇਣ ਜਾ ਰਹੀ ਹੈ। ਦੱਸ ਦੇਈਏ ਕਿ ਪ੍ਰਵਾਸੀ ਭਾਰਤੀ ਸਨਮਾਨ ਪ੍ਰਵਾਸੀ ਭਾਰਤੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੁੰਦਾ ਹੈ।

Add a Comment

Your email address will not be published. Required fields are marked *