ਨੋਇਡਾ ’ਚ ਡਿਲੀਵਰੀ ਬੁਆਏ ਨੂੰ 500 ਮੀਟਰ ਤਕ ਘੜੀਸ ਕੇ ਲੈ ਗਈ ਕਾਰ

ਨੋਇਡਾ : ਦਿੱਲੀ ਦੀ ਤਰ੍ਹਾਂ ਯੂ.ਪੀ ਦੇ ਨੋਇਡਾ ਵਿੱਚ ਵੀ ਇੱਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਕਾਰ ਨੌਜਵਾਨ ਨੂੰ ਕਰੀਬ 500 ਮੀਟਰ ਤੱਕ ਘਸੀਟਦੀ ਗਈ। ਕਾਰ ਚਾਲਕ ਲਾਸ਼ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਨੌਜਵਾਨ ਦੀ ਪਛਾਣ ਕੌਸ਼ਲ ਯਾਦਵ ਵਾਸੀ ਇਟਾਵਾ ਵਜੋਂ ਹੋਈ ਹੈ। ਉਹ ਨੋਇਡਾ ਅਤੇ ਦਿੱਲੀ ਵਿੱਚ ਸਵਿਗੀ ਵੱਲੋਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ।

ਮਾਮਲਾ ਸੈਕਟਰ-14ਏ ਫਲਾਈਓਵਰ ਨੇੜੇ ਹੈ। ਫਿਲਹਾਲ ਕੌਸ਼ਲ ਦੇ ਭਰਾ ਅਮਿਤ ਕੁਮਾਰ ਨੇ ਇਸ ਮਾਮਲੇ ‘ਚ ਥਾਣਾ ਫੇਜ਼-1 ‘ਚ ਸ਼ਿਕਾਇਤ ਅਨੁਸਾਰ ਦਰਜ ਕਰਵਾ ਦਿੱਤੀ ਹੈ। ਅਮਿਤ ਕੁਮਾਰ ਨੇ ਦੱਸਿਆ 1 ਜਨਵਰੀ ਦੀ ਰਾਤ ਕਰੀਬ ਇੱਕ ਵਜੇ ਆਪਣੇ ਭਰਾ ਕੌਸ਼ਲ ਨੂੰ ਫੋਨ ਕੀਤਾ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਚੁੱਕਿਆ ਅਤੇ ਦੱਸਿਆ ਕਿ ਉਹ ਓਲੈਕਸ ਕਾਰ ਦਾ ਡਰਾਈਵਰ ਬੋਲ ਰਿਹਾ ਹੈ।

ਉਸ ਨੇ ਦੱਸਿਆ ਕਿ ਤੁਹਾਡੇ ਭਰਾ ਨੂੰ ਸੈਕਟਰ-14 ਫਲਾਈਓਵਰ ਨੇੜੇ ਇਕ ਅਣਪਛਾਤੇ ਵਾਹਨ ਨੇ ਟਕਰ ਮਾਰ ਦਿੱਤੀ ਤੇ ਸ਼ਨੀ ਮੰਦਰ ਨੇੜੇ ਘੜੀਸ ਕੇ ਸੜਕ ‘ਤੇ ਲੈ ਗਿਆ। ਸੂਚਨਾ ਮਿਲਦੇ ਹੀ ਉਹ ਸ਼ਨੀ ਮੰਦਰ ਪਹੁੰਚੇ, ਜਿਥੇ ਕੌਸ਼ਲ ਦੀ ਲਾਸ਼ ਸ਼ਨੀ ਮੰਦਰ ਦੇ ਕੋਲ ਪਈ ਸੀ। ਮੌਕੇ ‘ਤੇ ਪੁਲਸ ਵੀ ਮੌਜੂਦ ਸੀ। ਇਸ ਮਾਮਲੇ ‘ਚ ਅਮਿਤ ਨੇ ਥਾਣਾ ਫੇਜ਼-1 ‘ਚ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲਾਸ਼ ਨੂੰ ਘੜੀਸ ਕੇ ਸ਼ਨੀ ਮੰਦਰ ਲਿਜਾਇਆ ਗਿਆ

ਜਿਸ ਥਾਂ ਤੋਂ ਲਾਸ਼ ਨੂੰ ਘਸੀਟ ਕੇ ਸ਼ਨੀ ਮੰਦਰ ਲਿਜਾਇਆ ਗਿਆ ਉਥੇ ਨੋਇਡਾ ਅਥਾਰਟੀ ਦੇ ਗਊ ਸ਼ਾਲਾ ਅਤੇ ਸ਼ਨੀ ਮੰਦਰ ਦੇ ਬਾਹਰ ਸੀ.ਸੀ.ਟੀ.ਵੀ ਲੱਗੇ ਹੋਏ ਹਨ। ਗਊ ਸ਼ਾਲਾ ਦੀ ਸੀ.ਸੀ.ਟੀ.ਵੀ ਫੁਟੇਜ ਸਪੱਸ਼ਟ ਨਹੀਂ ਹੈ। ਸ਼ਨੀ ਮੰਦਿਰ ਦੇ ਸੰਚਾਲਕ ਨੇ ਦੱਸਿਆ ਕਿ ਪੁਲਸ 2 ਜਨਵਰੀ ਨੂੰ ਆਈ. ਸੀ.ਸੀ.ਟੀ.ਵੀ. ਦੀ ਫੁਟੇਜ ਦੇਖੀ ਪਰ ਧੁੰਦ ਜ਼ਿਆਦਾ ਹੋਣ ‘ਤੇ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ ਦੇਖ ਲਈ ਹੈ ਤੇ ਕਿਹਾ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *