ਧਰਮ ਪਰਿਵਰਤਨ ਤੋਂ ਬਾਅਦ ਚਰਚ ’ਚ ਭੰਨਤੋੜ, ਐੱਸ. ਪੀ. ਦਾ ਸਿਰ ਪਾੜਿਆ

ਨਾਰਾਇਣਪੁਰ- ਛੱਤੀਸਗੜ੍ਹ ਦੇ ਨਾਰਾਇਣਪੁਰ ’ਚ ਧਰਮ ਪਰਿਵਰਤਨ ਨੂੰ ਲੈ ਕੇ ਸੋਮਵਾਰ ਨੂੰ ਹੰਗਾਮਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇਸ ਦੌਰਾਨ ਭੀੜ ਨੇ ਇਕ ਚਰਚ ’ਚ ਭੰਨਤੋੜ ਕਰ ਦਿੱਤੀ। ਹਿੰਸਕ ਹੋਈ ਭੀੜ ਨੇ ਐੱਸ. ਪੀ. ਸਦਾਨੰਦ ਕੁਮਾਰ ’ਤੇ ਵੀ ਹਮਲਾ ਕਰ ਦਿੱਤਾ, ਜਿਸ ’ਚ ਉਨ੍ਹਾਂ ਦਾ ਸਿਰ ਪਾਟ ਗਿਆ। ਉੱਥੇ ਹੀ ਪੱਥਰਬਾਜ਼ੀ ’ਚ ਥਾਣਾ ਇੰਚਾਰਜ ਸਮੇਤ ਕਈ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਗ੍ਰਾਮ ਪੰਚਾਇਤ ਏਡਕਾ ਅਧੀਨ ਪੈਂਦੇ ਪਿੰਡ ਗੋਰਰਾ ’ਚ ਈਸਾਈ ਮਿਸ਼ਨਰੀ ਲੋਕ ਬੈਠਕ ਕਰ ਰਹੇ ਸਨ। ਇਸ ਦੌਰਾਨ ਆਦਿਵਾਸੀਆਂ ਨਾਲ ਧਰਮ ਪਰਿਵਰਤਨ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਇਸ ਦੌਰਾਨ ਜੰਮ ਕੇ ਕੁੱਟਮਾਰ ਹੋਈ।

ਜਦੋਂ ਪੁਲਸ ਵਾਲੇ ਪਹੁੰਚੇ ਤਾਂ ਉਨ੍ਹਾਂ ’ਤੇ ਵੀ ਹਮਲਾ ਕੀਤਾ ਗਿਆ। ਇਸ ਸਬੰਧੀ ਸੋਮਵਾਰ ਨੂੰ ਆਦਿਵਾਸੀ ਭਾਈਚਾਰੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਇਲਾਕੇ ’ਚ ਸਵੇਰ ਤੋਂ ਹੀ ਪੁਲਸ ਫੋਰਸ ਤਾਇਨਾਤ ਸੀ।

ਦੱਸਿਆ ਜਾ ਰਿਹਾ ਹੈ ਕਿ ਅਚਾਨਕ ਪ੍ਰਦਰਸ਼ਨਕਾਰੀ ਭੀੜ ਹਿੰਸਕ ਹੋ ਗਈ ਅਤੇ ਚਰਚ ’ਤੇ ਹਮਲਾ ਕਰ ਦਿੱਤਾ ਅਤੇ ਜੰਮ ਕੇ ਭੰਨਤੋੜ ਕੀਤੀ। ਇਹ ਦੇਖ ਕੇ ਉਥੇ ਮੌਜੂਦ ਪੁਲਸ ਕਰਮਚਾਰੀ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਪਹੁੰਚ ਗਏ ਅਤੇ ਭੀੜ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ।

Add a Comment

Your email address will not be published. Required fields are marked *