ਪੱਛਮੀ ਬੰਗਾਲ ’ਚ ਲਗਾਤਾਰ ਦੂਜੇ ਦਿਨ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਹੋਇਆ ਪਥਰਾਅ
ਪੱਛਮੀ ਬੰਗਾਲ ’ਚ ਲਗਾਤਾਰ ਦੂਜੇ ਦਿਨ ਵੀ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਪਥਰਾਅ ਹੋਇਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਟਰੇਨ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਨਿਸ਼ਾਨਾ ਬਣਾਇਆ। ਇਹ ਘਟਨਾ ਉਦੋਂ ਵਾਪਰੀ, ਜਦੋਂ ਟਰੇਨ ਨਿਊ-ਜਲਪਾਈਗੁੜੀ ਯਾਰਡ ’ਚ ਜਾ ਰਹੀ ਸੀ। ਪਥਰਾਅ ’ਚ ਦੋ ਕੋਚ ਸੀ-3 ਅਤੇ ਸੀ-6 ਦੇ ਸ਼ੀਸ਼ੇ ਟੁੱਟ ਗਏ।
ਪਥਰਾਅ ਦੀ ਅਜਿਹੀ ਹੀ ਇਕ ਘਟਨਾ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਵਾਪਰੀ ਸੀ। 1 ਜਨਵਰੀ ਤੋਂ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ ’ਤੇ ਇਕ ਦਿਨ ਬਾਅਦ ਸੋਮਵਾਰ ਨੂੰ ਨਿਊ ਜਲਪਾਈਗੁੜੀ ਤੋਂ ਹਾਵੜਾ ਆਉਂਦੇ ਸਮੇਂ ਮਾਲਦਾ ਸਟੇਸ਼ਨ ਨੇੜੇ ਪਥਰਾਅ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 30 ਦਸੰਬਰ ਨੂੰ ਹੀ ਆਪਣੀ ਮਾਂ ਹੀਰਾਬੇਨ ਮੋਦੀ ਦਾ ਅੰਤਿਮ ਸੰਸਕਾਰ ਕਰਨ ਤੋਂ 2 ਘੰਟੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮੀ ਬੰਗਾਲ ’ਚ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਈ ਸੀ। ਇਹ ਟਰੇਨ ਹਾਵੜਾ ਨੂੰ ਨਿਊ ਜਲਪਾਈਗੁੜੀ ਨਾਲ ਜੋੜੇਗੀ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਅਤੇ ਹੋਰ ਨੇਤਾ ਹਾਵੜਾ ਵਿਖੇ ਪ੍ਰੋਗਰਾਮ ’ਚ ਮੌਜੂਦ ਰਹੇ।

