ਇੰਟਰਵਿਊ ‘ਚ ਉਮਰ ਪੁੱਛਣ ‘ਤੇ ਭੜਕੀ ਔਰਤ, ਫਿਰ ਕੰਪਨੀ ਨੇ 3.7 ਲੱਖ ਰੁਪਏ ਦੇ ਕੇ ਛਡਾਇਆ ਖਹਿੜਾ

ਲੰਡਨ : ਸਭ ਕੁਝ ਪੁੱਛਣਾ ਪਰ ਉਮਰ ਨਹੀਂ। ਜੇ ਪੁੱਛੀ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਇਹ ਚਿਤਾਵਨੀ ਉਨ੍ਹਾਂ ਕੰਪਨੀਆਂ ਲਈ ਹੈ ਜੋ ਔਰਤਾਂ ਕੋਲੋਂ ਕੁਝ ਵੀ ਪੁੱਛ ਲੈਂਦੀਆਂ ਹਨ, ਉਨ੍ਹਾਂ ਦੀ ਉਮਰ ਵੀ। ਦੁਨੀਆ ’ਚ ਪੀਜ਼ਾ ਬਣਾਉਣ ਲਈ ਮਸ਼ਹੂਰ ਡੋਮੀਨੋਜ਼ ਨੂੰ ਇਕ ਔਰਤ ਕੋਲੋਂ ਉਸ ਦੀ ਉਮਰ ਪੁੱਛਣੀ ਭਾਰੀ ਪੈ ਗਈ। ਔਰਤ ਨੇ ਇਸ ਦੇ ਲਈ ਕੰਪਨੀ ’ਤੇ ਮੁਕੱਦਮਾ ਠੋਕ ਦਿੱਤਾ। ਘਬਰਾਈ ਕੰਪਨੀ ਨੇ ਕਿਸੇ ਤਰ੍ਹਾਂ ਮੁਆਫੀ ਮੰਗ ਕੇ ਮਾਮਲੇ ਨੂੰ ਰਫਾ-ਦਫਾ ਕੀਤਾ ਅਤੇ 3.70 ਲੱਖ ਰੁਪਏ ਮੁਆਵਜ਼ਾ ਵੀ ਦਿੱਤਾ। ਇਹ ਮਾਮਲਾ ਆਇਰਲੈਂਡ ਦਾ ਹੈ। ਔਰਤ ਨੇ ਉਮਰ ਤੇ ਲਿੰਗ ਦੇ ਆਧਾਰ ’ਤੇ ਵਿਤਕਰਾ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਇਸ ਨੂੰ ਲੈ ਕੇ ਡੋਮੀਨੋਜ਼ ’ਤੇ ਮੁਕੱਦਮਾ ਕਰ ਦਿੱਤਾ ਸੀ।

ਔਰਤ ਦਾ ਨਾਂ ਜੇਨਿਸ ਵਾਲਸ਼ ਹੈ, ਜਿਸ ਨੇ ਖੁਲਾਸਾ ਕੀਤਾ ਕਿ ਉਸ ਤੋਂ ਪਹਿਲਾ ਸਵਾਲ ਉਸ ਦੀ ਉਮਰ ਬਾਰੇ ਪੁੱਛਿਆ ਗਿਆ ਸੀ। ਇਹ ਇੰਟਰਵਿਊ ਪੀਜ਼ਾ ਕੰਪਨੀ ਦੀ ਬ੍ਰਾਂਚ ਵਿਚ ਡਲਿਵਰੀ ਡਰਾਈਵਰ ਦੇ ਅਹੁਦੇ ਲਈ ਸੀ। ਇਹ ਬ੍ਰਾਂਚ ਕੰਟਰੀ ਟਾਈਰੋਨ ਦੇ ਸਟ੍ਰਾਬੇਨ ਵਿਚ ਹੈ। ਔਰਤ ਨੇ ਦਾਅਵਾ ਕੀਤਾ ਕਿ ਸਵਾਲ ਪੁੱਛਣ ਤੋਂ ਬਾਅਦ ਇੰਟਰਵਿਊ ਲੈਣ ਵਾਲਿਆਂ ਨੇ ਉਸ ਦੀ ਉਮਰ ਲਿਖ ਕੇ ਉਸ ’ਤੇ ਗੋਲਾ ਲਗਾ ਦਿੱਤਾ। ਜਦੋਂ ਵਾਲਸ਼ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਪੈਨਲ ਦੇ ਮੈਂਬਰਾਂ ਨੇ ਕੀ ਆਬਜੈਕਸ਼ਨ ਲਿਖਿਆ ਹੈ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਇਹ ਉਮੀਦਵਾਰ ਨੂੰ ਨਹੀਂ ਦਿਖਾਇਆ ਜਾ ਸਕਦਾ। ਵਾਲਸ਼ ਇੰਟਰਵਿਊ ਤੋਂ ਵਾਪਸ ਆ ਗਈ ਅਤੇ ਕੰਪਨੀ ਦੇ ਜਵਾਬ ਦੀ ਉਡੀਕ ਕਰਨ ਲੱਗੀ। ਵਾਲਸ਼ ਮੁਤਾਬਕ ਇੰਟਰਵਿਊ ਤੋਂ ਬਾਅਦ ਵੀ, ਜਦੋਂ ਕੰਪਨੀ ਨੇ ਡਿਲੀਵਰੀ ਪਾਰਟਨਰ ਦੀ ਖਾਲੀ ਥਾਂ ਲਈ ਨੌਕਰੀ ਦਾ ਇਸ਼ਤਿਹਾਰ ਦਿੱਤਾ, ਤਾਂ ਉਸ ਨੂੰ ਲੱਗਾ ਕਿ ਸ਼ਾਇਦ ਉਹ ਰੀਜੈਕਟ ਹੋ ਗਈ ਹੈ। ਬਾਅਦ ਵਿੱਚ ਉਸ ਦੇ ਰੀਜੈਕਸ਼ਨ ਵੀ ਪੁਸ਼ਟੀ ਹੋ ​​ਗਈ। ਬਾਅਦ ’ਚ ਜਦੋਂ ਵਾਲਸ਼ ਨੂੰ ਆਪਣੇ ਰਿਜੈਕਟ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਇਸ ਵਿਚ ਉਸ ਦੀ ਉਮਰ ਤੇ ਲਿੰਗ ਦਾ ਮਸਲਾ ਸੀ।

ਵਾਲਸ਼ ਨੇ ਫਿਰ ਫੇਸਬੁੱਕ ਰਾਹੀਂ ਬ੍ਰਾਂਚ ਨਾਲ ਸੰਪਰਕ ਕੀਤਾ। ਉਸ ਨੇ ਇੰਟਰਵਿਊ ਦੌਰਾਨ ਆਪਣੇ ਨਾਲ ਹੋਏ ਵਿਤਕਰੇ ਬਾਰੇ ਵੀ ਦੱਸਿਆ। ਉਸ ਨੂੰ ਇੰਟਰਵਿਊ ਪੈਨਲ ਤੋਂ ਮੁਆਫੀ ਨਾਮਾ ਵੀ ਮਿਲਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪੈਨਲ ਵਿਚ ਇੰਟਰਵਿਊ ਲੈਣ ਵਾਲੇ ਇਕ ਸ਼ਖਸ ਨੂੰ ਇਹ ਨਹੀਂ ਪਤਾ ਸੀ ਕਿ ਇੰਟਰਵਿਊ ਵਿਚ ਕਿਸੇ ਔਰਤ ਦੀ ਉਮਰ ਪੁੱਛਣਾ ਸਹੀ ਨਹੀਂ ਹੁੰਦਾ। ਵਾਲਸ਼ ਨੇ ਇਹ ਵੀ ਮਹਿਸੂਸ ਕੀਤਾ ਕਿ ਉਸ ਨੂੰ ਡਰਾਈਵਰ ਦੇ ਅਹੁਦੇ ਲਈ ਸਿਰਫ਼ ਇਸ ਲਈ ਯੋਗ ਨਹੀਂ ਮੰਨਿਆ ਗਿਆ ਕਿਉਂਕਿ ਉਹ ਇਕ ਔਰਤ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਸਿਰਫ਼ ਮਰਦਾਂ ਨੂੰ ਡਰਾਈਵਰਾਂ ਦੇ ਰੂਪ ’ਚ ਦੇਖਿਆ ਹੈ। ਸ਼ਾਇਦ ਇਹੀ ਕਾਰਨ ਸੀ ਕਿ ਉਸ ਨੂੰ ਇਸ ਅਹੁਦੇ ਦੇ ਯੋਗ ਨਹੀਂ ਸਮਝਿਆ ਗਿਆ।

ਕਾਨੂੰਨੀ ਰਸਤਾ ਅਪਣਾਇਆ

ਇਸ ਤੋਂ ਬਾਅਦ ਵਾਲਸ਼ ਨੇ ਕਾਨੂੰਨੀ ਰਸਤਾ ਅਪਣਾਇਆ। ਉਸ ਦੇ ਦਾਅਵੇ ਦਾ ਉੱਤਰੀ ਆਇਰਲੈਂਡ ਇਕਵੈਲਿਟੀ ਕਮਿਸ਼ਨ ਵੱਲੋਂ ਸਮਰਥਨ ਕੀਤਾ ਗਿਆ ਸੀ। ਕਮਿਸ਼ਨ ਦੀ ਸੀਨੀਅਰ ਲਾਅ ਅਫਸਰ ਮੈਰੀ ਕਿਟਸਨ ਨੇ ਇਕ ਬਿਆਨ ਵਿਚ ਕਿਹਾ ਕਿ ਭਰਤੀ ਤੇ ਚੋਣ ਪ੍ਰਕਿਰਿਆ ਵਿਚ ਸ਼ਾਮਲ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕਾਂ ਕੋਲ ਕਿਸ ਤਰ੍ਹਾਂ ਦੇ ਅਧਿਕਾਰ ਹਨ। ਇਹ ਬਹੁਤ ਜ਼ਰੂਰੀ ਹੈ ਕਿ ਲੋਕ ਕਿਸੇ ਖਾਸ ਕੰਮ ਲਈ ਆਪਣਾ ਫੈਸਲਾ ਲੈਣ ਸਮੇਂ ਪੁਰਾਣੀ ਸੋਚ ਨਾ ਰੱਖਣ। ਕਮਿਸ਼ਨ ਨੇ ਪਾਇਆ ਕਿ ਡੋਮੀਨੋਜ਼ ਪੀਜ਼ਾ ਖਿਲਾਫ ਵਾਲਸ਼ ਦੇ ਦੋਸ਼ ਸਹੀ ਸਨ। ਇਸ ਤੋਂ ਬਾਅਦ ਡੋਮੀਨੋਜ਼ ਪੀਜ਼ਾ ਦੀ ਸਬੰਧਤ ਸ਼ਾਖਾ ਦੇ ਮਾਲਕ ਨੇ ਵੀ ਔਰਤ ਤੋਂ ਮੁਆਫੀ ਮੰਗੀ ਅਤੇ 4,250 ਪੌਂਡ ਯਾਨੀ ਕਰੀਬ 3.70 ਲੱਖ ਰੁਪਏ ਹਰਜਾਨੇ ਵਜੋਂ ਅਦਾ ਕੀਤੇ।

Add a Comment

Your email address will not be published. Required fields are marked *