ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਨਵਾਂ ਦ੍ਰਿਸ਼ਟੀਕੋਣ ਦੇਵੇ: ਰਾਹੁਲ

ਨਵੀਂ ਦਿੱਲੀ, 31 ਦਸੰਬਰ-: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਭਾਜਪਾ ਵਿਰੁੱਧ ਵੱਡੇ ਪੱਧਰ ਉਤੇ ‘ਅੰਡਰਕਰੰਟ’ (ਮਾਹੌਲ) ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਵਿਰੋਧੀ ਧਿਰ ਨੇ ਪ੍ਰਭਾਵੀ ਢੰਗ ਨਾਲ ਬਦਲਵਾਂ ਦ੍ਰਿਸ਼ਟੀਕੋਣ ਸਾਹਮਣੇ ਰੱਖ ਦਿੱਤਾ ਤਾਂ ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਲਈ ਜਿੱਤਣਾ ਬਹੁਤ ਮੁਸ਼ਕਲ ਹੋ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਇਕ-ਦੂਜੇ ਦਾ ਵੀ ਸਤਿਕਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਦੇਸ਼ ਦੇ ਲੋਕਾਂ ਅੱਗੇ ਬਦਲ ਵਜੋਂ ਕੌਮੀ ਵਿਚਾਰਧਾਰਾ ਪੇਸ਼ ਕਰਨੀ ਹੋਵੇਗੀ ਜੋ ਕਿ ਖੇਤਰੀ ਧਿਰਾਂ ਕੋਲ ਨਹੀਂ ਹੈ ਤੇ ਸਿਰਫ਼ ਕਾਂਗਰਸ ਕੋਲ ਹੀ ਹੈ। ਰਾਹੁਲ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਇਕ ਢਾਂਚਾ ਹੈ ਤੇ ਲੋਕਾਂ ਨੂੰ ਇਕਜੁੱਟ ਅਤੇ ਸਹਿਜ ਕਰਨ ਲਈ ਕਾਂਗਰਸ ਪਾਰਟੀ ਦੀ ਇਹ ਇਕ ਤਰ੍ਹਾਂ ਦੀ ਸੋਚ ਹੈ। ਸੱਤ ਸਤੰਬਰ ਨੂੰ ਸ਼ੁਰੂ ਹੋਈ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਇਹ ਨੌਵੀਂ ਪ੍ਰੈੱਸ ਕਾਨਫਰੰਸ ਸੀ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਭਾਰਤ ਜੋੜੋ ਯਾਤਰਾ ਦੇ ਨਾਲ ਹਨ ਪਰ ਅਜੋਕੇ ਮਾਹੌਲ ਵਿਚ ਉਨ੍ਹਾਂ ਦੀਆਂ ਸਿਆਸੀ ਤੇ ਹੋਰ ਮਜਬੂਰੀਆਂ ਹਨ ਜੋ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਤੋਂ ਰੋਕ ਰਹੀਆਂ ਹਨ।

ਰਾਹੁਲ ਨੇ ਜ਼ੋਰ ਦਿੱਤਾ ਕਿ ਇਕ ਗੱਲ ਮਹੱਤਵਪੂਰਨ ਹੈ ਕਿ ਇਹ ਹੁਣ ਰਣਨੀਤਕ ਸਿਆਸੀ ਲੜਾਈ ਨਹੀਂ ਰਹੀ, ਜਿੱਥੇ ਕੁਝ ਗਰੁੱਪ ਜੁੜਦੇ ਹਨ ਤੇ ਭਾਜਪਾ ਨੂੰ ਹਰਾਉਂਦੇ ਹਨ ਕਿਉਂਕਿ ਉਹ ਹੁਣ ਗੁਜ਼ਰੇ ਵੇਲੇ ਦੀ ਗੱਲ ਹੈ। ਰਾਹੁਲ ਨੇ ਕਿਹਾ, ‘ਇਹ ਇਸ ਕਰ ਕੇ ਹੈ ਕਿਉਂਕਿ ਮੁਲਕ ਦਾ ਪੂਰਾ ਸੰਸਥਾਗਤ ਢਾਂਚਾ ਇਕ ਵਿਚਾਰਧਾਰਾ ਦੇ ਪੱਖ ਵਿਚ ਹੈ ਤੇ ਇਹ ਦੇਸ਼ ਦੀ ਸਿਆਸੀ ਫ਼ਿਜ਼ਾ ਉਤੇ ਹਾਵੀ ਹੋ ਗਈ ਹੈ। ਇਸ ਨੂੰ ਹਰਾਉਣ ਲਈ ਹੁਣ ਇਕ ਵਿਚਾਰਧਾਰਾ ਦੀ ਹੀ ਲੋੜ ਹੈ।’ ਰਾਹੁਲ ਨੇ ਕਿਹਾ ਕਿ ਉਹ ਵਿਰੋਧੀ ਧਿਰਾਂ ਤੇ ਆਗੂਆਂ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਸਮਾਜਵਾਦੀ ਪਾਰਟੀ ਵੱਲ ਦੇਖਿਆ ਜਾਵੇ ਤਾਂ ਇਸ ਦੀ ਕੋਈ ਕੌਮੀ ਵਿਚਾਰਧਾਰਾ ਨਹੀਂ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਉੱਤਰ ਪ੍ਰਦੇਸ਼ ਵਿਚ ਵਿਸ਼ੇਸ਼ ਜਗ੍ਹਾ ਹੈ ਤੇ ਸ਼ਾਇਦ ਉਨ੍ਹਾਂ ਇਸ ਦੀ ਰੱਖਿਆ ਕਰਨੀ ਹੈ, ਇਸ ਲਈ (ਨਾਲ) ਨਹੀਂ ਆਏ। ‘ਸਪਾ’ ਦਾ ਵਿਚਾਰ ਕੇਰਲਾ, ਕਰਨਾਟਕ ਜਾਂ ਬਿਹਾਰ ਵਿਚ ਕੰਮ ਨਹੀਂ ਕਰੇਗਾ। ਇਸ ਲਈ ਇਕ ਕੇਂਦਰੀ ਵਿਚਾਰਧਾਰਕ ਢਾਂਚੇ ਦੀ ਲੋੜ ਹੈ, ਜੋ ਕਿ ਸਿਰਫ਼ ਕਾਂਗਰਸ ਹੀ ਦੇ ਸਕਦੀ ਹੈ ਤੇ ਇਹ ਸਾਡਾ ਫ਼ਰਜ਼ ਵੀ ਹੈ। ਪਰ ਇਸ ਦੇ ਨਾਲ ਹੀ ਇਹ ਵੀ ਸਾਡਾ ਫ਼ਰਜ਼ ਹੈ ਕਿ ‘ਅਸੀਂ ਵਿਰੋਧੀ ਧਿਰਾਂ ਨੂੰ ਸਹਿਜ ਤੇ ਸਨਮਾਨਤ ਮਹਿਸੂਸ ਕਰਾਈਏ, ਆਪਸੀ ਸਤਿਕਾਰ ਹੋਣਾ ਜ਼ਰੂਰੀ ਹੈ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਧਿਰਾਂ ਦੀਆਂ ਵਿਚਾਰਧਾਰਾਵਾਂ ਵੀ ਕਈ ਥਾਂ ਮੇਲ ਖਾਂਦੀਆਂ ਹਨ ਤੇ ‘ਅਖਿਲੇਸ਼ ਯਾਦਵ ਤੇ ਮਾਇਆਵਤੀ ਤੇ ਹੋਰ ਬਹੁਤ ਸਾਰੇ ਲੋਕ ਹਨ ਜੋ ਮੁਹੱਬਤ ਦਾ ਹਿੰਦੁਸਤਾਨ ਚਾਹੁੰਦੇ ਹਨ, ਨਫ਼ਰਤ ਦਾ ਭਾਰਤ ਬਿਲਕੁਲ ਨਹੀਂ ਚਾਹੁੰਦੇ।’ ਵਿਰੋਧੀ ਧਿਰ ਦੇ ਏਕੇ ਉਤੇ ਰਾਹੁਲ ਨੇ ਕਿਹਾ, ‘ਮੈਂ ਹੁਣ ਕਾਂਗਰਸ ਪ੍ਰਧਾਨ ਨਹੀਂ ਹਾਂ, ਪਰ ਭਾਰਤ ਜੋੜੋ ਯਾਤਰਾ ਰਾਹੀਂ ਮੇਰਾ ਮਕਸਦ ਲੋਕਾਂ ਨੂੰ ਇਕਜੁੱਟ ਕਰਨਾ ਹੈ, ਸਹਿਜ ਕਰਨਾ ਹੈ।’

Add a Comment

Your email address will not be published. Required fields are marked *