ਮਾਮਲਾ ਖੰਘ ਦੀ ਦਵਾਈ ਕਾਰਨ ਹੋਈਆਂ ਮੌਤਾਂ ਦਾ, ਮੈਰੀਅਨ ਬਾਇਓਟੈਕ ਦੀਆਂ 21 ਦਵਾਈਆਂ ਦੇ ਜਾਂਚ ਲਈ ਭੇਜੇ ਸੈਂਪਲ
ਨੋਇਡਾ –ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ ਤੋਂ ਬਾਅਦ ਵਿਵਾਦਾਂ ’ਚ ਘਿਰੀ ਸੈਕਟਰ-67 ਸਥਿਤ ਮੈਰੀਅਨ ਬਾਇਓਟੈਕ ਲਿਮਟਿਡ ਕੰਪਨੀ ਨਾਲ ਸਬੰਧਤ ਵੱਖ-ਵੱਖ ਦਸਤਾਵੇਜ਼ਾਂ ਦੀ ਸ਼ਨੀਵਾਰ ਨੂੰ ਕੇਂਦਰੀ ਟੀਮ ਨੇ ਜਾਂਚ ਕੀਤੀ। 21 ਦਵਾਈਆਂ ਦੇ ਸੈਂਪਲ ਲਏ ਗਏ। ਇਸ ਦੌਰਾਨ ਸਿਰਫ਼ ਦਸਤਾਵੇਜ਼ਾਂ ਦੀ ਹੀ ਪੜਤਾਲ ਕੀਤੀ ਗਈ। ਉਜ਼ਬੇਕਿਸਤਾਨ ਦੀ ਘਟਨਾ ਤੋਂ ਬਾਅਦ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਐਸੋਸੀਏਸ਼ਨ ਅਤੇ ਯੂ. ਪੀ. ਡਰੱਗ ਕੰਟਰੋਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਗੌਤਮ ਬੁੱਧ ਨਗਰ ਦੇ ਡਰੱਗ ਇੰਸਪੈਕਟਰ ਵੈਭਵ ਬੱਬਰ ਨੇ ਦੱਸਿਆ ਕਿ ਕੰਪਨੀ ਤੋਂ ਹੁਣ ਤੱਕ ਕੁਲ 32 ਸੈਂਪਲ ਲਏ ਗਏ ਹਨ। 27 ਦਸੰਬਰ ਨੂੰ 5 ਅਤੇ 29 ਦਸੰਬਰ ਨੂੰ 6 ਸੈਂਪਲ ਲਏ ਗਏ। ਇਸ ਦੇ ਨਾਲ ਹੀ ਪਿਛਲੇ 2 ਦਿਨਾਂ ਤੋਂ ਚੱਲੀ ਇਸ ਕਾਰਵਾਈ ਦੌਰਾਨ 21 ਹੋਰ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਇਸ ’ਚ ਸਿਰਪ, ਕੈਪਸੂਲ, ਕਰੀਮ ਅਤੇ ਕੱਚਾ ਮਾਲ ਸ਼ਾਮਲ ਹੈ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਫਿਲਹਾਲ ਕੰਪਨੀ ’ਚ ਉਤਪਾਦਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ।